India ਤੇ IOM ਵੱਲੋਂ ਪਰਵਾਸ ਦੇ ਨਿਯਮਤ ਮਾਰਗਾਂ ਦੇ ਵਿਸਤਾਰ ਬਾਰੇ ਚਰਚਾ
ਆਈ ਓ ਐੱਮ ਦੀ ਡਾਇਰੈਕਟਰ ਐਮੀ ਪੋਪ ਨੂੰ ਮਿਲੇ ਵਿਦੇਸ਼ ਰਾਜ ਮੰਤਰੀ
ਭਾਰਤ ਅਤੇ ਕੌਮਾਂਤਰੀ ਮਾਈਗ੍ਰੇਸ਼ਨ ਸੰਗਠਨ (ਆਈ ਓ ਐੱਮ) ਨੇ ਪਰਵਾਸ ਦੇ ਨਿਯਮਤ ਮਾਰਗਾਂ ਦੇ ਵਿਸਤਾਰ ਤੇ ਉਨ੍ਹਾਂ ਵਿੱਚ ਵੰਨ-ਸੁਵੰਨਤਾ ਲਿਆਉਣ ਬਾਰੇ ਚਰਚਾ ਕੀਤੀ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸ਼ੁੱਕਰਵਾਰ ਨੂੰ ਇਥੇ ਆਲਮੀ ਮਾਈਗ੍ਰੇਸ਼ਨ ਸਮਝੌਤੇ (ਜੀ ਸੀ ਐੱਮ) ਦੇ ਦੂਜੇ ਕੌਮਾਂਤਰੀ ਪਰਵਾਸ ਸਮੀਖਿਆ ਮੰਚ (ਆਈ ਐੱਮ ਆਰ ਐੱਫ) ਤੋਂ ਇਕ ਪਾਸੇ ਆਈ ਓ ਐੱਮ ਦੀ ਡਾਇਰੈਕਟਰ ਐਮੀ ਪੋਪ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਵਿਚਾਰ ਚਰਚਾ ਪਰਵਾਸ ਦੇ ਨਿਯਮਤ ਮਾਰਗਾਂ ਦੇ ਵਿਸਤਾਰ ਤੇ ਉਨ੍ਹਾਂ ਵਿੱਚ ਵੰਨ-ਸੁਵੰਨਤਾ ਲਿਆਉਣ ਅਤੇ ਭਾਰਤ ਵਿੱਚ ਜੀ ਸੀ ਐੱਮ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਤੇ ਆਈ ਓ ਐੱਮ ਦੀਆਂ ਸਰਗਰਮੀਆਂ ਬਾਰੇ ਭਾਰਤ ਦੀ ਸਰਗਰਮ ਪਹੁੰਚ ਉੱਤੇ ਕੇਂਦਰਤ ਰਹੀ।’’ ਆਈ ਓ ਐੱਮ ਪਰਵਾਸ ਦੇ ਖੇਤਰ ਵਿੱਚ ਸੰਯੁਕਤ ਰਾਸ਼ਟਰ ਨਾਲ ਸਬੰਧਤ ਪ੍ਰਮੁੱਖ ਅੰਤਰ ਸਰਕਾਰੀ ਸੰਗਠਨ ਹੈ। ਇਸ ਦੀ ਸਥਾਪਨਾ 1951 ਵਿੱਚ ਮਾਨਵੀ ਤੇ ਵਿਵਸਥਿਤ ਪਰਵਾਸ ਨੂੰ ਹੱਲਾਸ਼ੇਰੀ ਦੇਣ ਲਈ ਕੀਤੀ ਗਈ ਸੀ। ਇਹ ਕੁੱਲ ਆਲਮ ਵਿੱਚ ਮਾਨਵੀ ਸਹਾਇਤਾ ਮੁਹੱਈਆ ਕਰਵਾਉਂਦਾ ਹੈ, ਪਰਵਾਸੀਆਂ ਦੇ ਪਰਵਾਹ ਦਾ ਪ੍ਰਬੰਧ ਕਰਦਾ ਹੈ ਤੇ ਘਰੋਂ ਬੇਘਰ ਆਬਾਦੀ ਦੀ ਮਦਦ ਕਰਦਾ ਹੈ।
ਕੀਰਤੀ ਵਰਧਨ ਸਿੰਘ ਕੈਨੇਡਾ ਦੀ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਲੇਨਾ ਮੈਟਲੇਜ ਦਿਆਬ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਇਹ ਚਰਚਾ ਕੈਨੇਡਾ-ਭਾਰਤ ਪਰਵਾਸ ਪਹਿਲ ਤੇ ਕੁਸ਼ਲ ਕਾਰਜ ਬਲ ਤੇ ਵਿਦਿਆਰਥੀਆਂ ਦੀ ਆਵਾਜਾਈ ਨਾਲ ਜੁੜੇ ਆਪਸੀ ਹਿੱਤਾਂ ’ਤੇ ਕੇਂਦਰਤ ਰਹੀ।

