ਵਾਸ਼ਿੰਗਟਨ, 6 ਅਪਰੈਲ
ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਮੰਗਲਵਾਰ ਨੂੰ 2021 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਤੇਜ਼ੀ ਨਾਲ ਵਧ ਕੇ 12.5 ਫੀਸਦੀ ਤਕ ਪੁੱਜਣ ਦਾ ਅਨੁਮਾਨ ਲਾਇਆ ਹੈ। ਇਹ ਵਾਧਾ ਚੀਨ ਦੇ ਮੁਕਾਬਲੇ ਵਧ ਹੋਵੇਗਾ। ਹਾਲਾਂਕਿ, ਚੀਨ ਇਕੋ ਇਕ ਅਜਿਹਾ ਵੱਡਾ ਅਰਥਚਾਰਾ ਹੈ, ਜਿਸ ਦੀ ਵਿਕਾਸ ਦਰ 2020 ਵਿੱਚ ਮਹਾਮਾਰੀ ਦੌਰਾਨ ਵੀ ਸਕਾਰਾਤਮਕ ਰਹੀ ਹੈ। ਆਈਐੱਮਐੱਫ ਨੇ ਆਪਣੇ ਸਾਲਾਨਾ ਆਲਮੀ ਆਰਥਿਕ ਪਰਿਪੇਖ ਵਿੱਚ ਕਿਹਾ ਕਿ 2022 ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 6.9 ਫੀਸਦੀ ਦੇ ਨੇੜੇ ਆ ਜਾਵੇਗੀ। ਆਈਐੱਮਐੱਫ ਨੇ ਵਿਸ਼ਵ ਬੈਂਕ ਨਾਲ ਹੋਣ ਵਾਲੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ ਹੈ। ਆਈਐੱਮਐੱਫ ਨੇ ਕਿਹਾ ਕਿ 2020 ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਰਿਕਾਰਡ 8 ਫੀਸਦੀ ਦੀ ਗਿਰਾਵਟ ਆਈ, ਪਰ ਇਸ ਸਾਲ ਵਿਕਾਸ ਦਰ 12.5 ਫੀਸਦੀ ਰਹਿਣ ਦਾ ਅਨੁਮਾਨ ਹੈ ਜੋ ਬਹੁਤ ਬਿਹਤਰ ਹੈ। ਉਧਰ, ਚੀਨ ਦੀ ਵਿਕਾਸ ਦਰ 2021 ਵਿੱਚ 8.6 ਫੀਸਦੀ ਅਤੇ 2022 ਵਿੱਚ 5.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। – ਏਜੰਸੀ