GST ਉਗਰਾਹੀ ’ਚ 23 ਫ਼ੀਸਦ ਦਾ ਉਛਾਲ
ਤਿਉਹਾਰਾਂ ਦੀ ਖ਼ਰੀਦਦਾਰੀ ਕਰ ਕੇ ਅਕਤੂਬਰ ’ਚ ਕੁੱਲ ਉਗਰਾਹੀ 2.31 ਲੱਖ ਕਰੋੜ ਨੂੰ ਟੱਪੀ
ਸਰਕਾਰੀ ਅੰਕੜਿਆਂ ਅਨੁਸਾਰ ਤਿਉਹਾਰਾਂ ਦੀ ਖ਼ਰੀਦਦਾਰੀ ਕਾਰਨ ਘਰੇਲੂ ਮੰਗ ਵਧਣ ਸਦਕਾ ਅਕਤੂਬਰ ਵਿੱਚ ਜੀ ਐੱਸ ਟੀ ਉਗਰਾਹੀ 23 ਫ਼ੀਸਦ ਵਧ ਕੇ 2.31 ਲੱਖ ਕਰੋੜ ਰੁਪਏ ਨੂੰ ਟੱਪ ਗਈ ਹੈ। ਇਹ ਅੰਕੜਾ ਦੂਜਾ ਸਭ ਤੋਂ ਸਿਖਰਲਾ ਪੱਧਰ ਹੈ। ਅਕਤੂਬਰ ਲਗਾਤਾਰ ਦੂਜਾ ਅਜਿਹਾ ਮਹੀਨਾ ਹੈ ਜਦੋਂ ਕੁੱਲ ਮਾਸਿਕ ਮਾਲ ਤੇ ਸੇਵਾ ਕਰ ਉਗਰਾਹੀ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਇਹ ਅੰਕੜਾ ਅਪਰੈਲ ਵਿੱਚ ਦਰਜ ਕੀਤੇ ਗਏ ਲਗਪਗ 2.43 ਲੱਖ ਕਰੋੜ ਰੁਪਏ ਦੀ ਰਿਕਾਰਡ ਉਗਰਾਹੀ ਮਗਰੋਂ ਦੂਜੇ ਸਥਾਨ ’ਤੇ ਹੈ। ਇਸ ਤੋਂ ਇਲਾਵਾ ਇਸ ਮਹੀਨੇ ਦੌਰਾਨ ਦਰਜ ਕੀਤੀ ਗਈ 22.9 ਫ਼ੀਸਦ ਸਾਲ-ਦਰ-ਸਾਲ ਵਾਧਾ ਦਰ, ਚਾਲੂ ਵਿੱਤੀ ਸਾਲ ਵਿੱਚ ਕੁੱਲ ਟੈਕਸ ਉਗਰਾਹੀ ਦੀ ਸਭ ਤੋਂ ਤੇਜ਼ ਰਫ਼ਤਾਰ ਹੈ। ਘਰੇਲੂ ਵਿਕਰੀ ਤੋਂ ਕੁੱਲ ਜੀ ਐੱਸ ਟੀ ਵਸੂਲੀ 16 ਫ਼ੀਸਦ ਵਧ ਕੇ 1.59 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ, ਅਤੇ ਦਰਾਮਦਾਂ ਤੋਂ ਪ੍ਰਾਪਤ ਮਾਲੀਆ 42 ਫ਼ੀਸਦ ਵਧ ਕੇ 72,246 ਕਰੋੜ ਰੁਪਏ ਹੋ ਗਿਆ।
ਅੰਕੜਿਆਂ ਅਨੁਸਾਰ 2.31 ਲੱਖ ਕਰੋੜ ਰੁਪਏ ਦੀ ਇਸ ਕੁੱਲ ਉਗਰਾਹੀ ਵਿੱਚ 42,935 ਕਰੋੜ ਰੁਪਏ ਦਾ ਕੇਂਦਰੀ ਜੀ ਐੱਸ ਟੀ, 51,340 ਕਰੋੜ ਰੁਪਏ ਦਾ ਰਾਜ ਜੀ ਐੱਸ ਟੀ ਅਤੇ 1.37 ਲੱਖ ਕਰੋੜ ਰੁਪਏ ਤੋਂ ਵੱਧ ਦਾ ਏਕੀਕ੍ਰਿਤ ਜੀ ਐੱਸ ਟੀ ਸ਼ਾਮਲ ਹੈ। ਅਕਤੂਬਰ ਵਿੱਚ ਜੀ ਐੱਸ ਟੀ ਰਿਫੰਡ ਸਾਲ-ਦਰ-ਸਾਲ 6.5 ਫ਼ੀਸਦ ਵਧ ਕੇ 27,934 ਕਰੋੜ ਰੁਪਏ ਹੋ ਗਿਆ। ਰਿਫੰਡ ਘਟਾਉਣ ਤੋਂ ਬਾਅਦ, ਅਕਤੂਬਰ ਵਿੱਚ ਖ਼ਾਲਸ ਜੀ ਐੱਸ ਟੀ ਉਗਰਾਹੀ 26 ਫ਼ੀਸਦ ਦੇ ਉਛਾਲ ਨਾਲ 2.03 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ।

