India ਤੇ New zealand ਵਿਚਾਲੇ ਮੁਕਤ ਵਪਾਰ ਸਮਝੌਤਾ ਸਹੀਬੰਦ
ਨਿੳੂਜ਼ੀਲੈਂਡ 20 ਅਰਬ ਡਾਲਰ ਦਾ ਕਰੇਗਾ ਨਿਵੇਸ਼; ਭਾਰਤ ਬਰਾਮਦਾਂ ਨੂੰ 100 ਫੀਸਦ ਡਿੳੂਟੀ ਮੁਕਤ ਰਸਾਈ ਮਿਲੇਗੀ
ਭਾਰਤ ਤੇ ਨਿਊਜ਼ੀਲੈਂਡ ਨੇ ਦੁਵੱਲੇ ਵਣਜ ਤੇ ਨਿਵੇਸ਼ ਨੂੰ ਹੁਲਾਰੇ ਦੇ ਇਰਾਦੇ ਨਾਲ ਸੋਮਵਾਰ ਨੂੰ ਮੁਕਤ ਵਪਾਰ ਸਮਝੌਤਾ (ਐੱਫ ਟੀ ਏ) ਸਹੀਬੰਦ ਕੀਤਾ ਹੈ। ਸਮਝੌਤੇ ਉੱਤੇ ਭਾਰਤ ਦੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਹਮਰੁਤਬਾ ਟੌਡ ਮੈਕਲੇਅ ਨੇ ਸਹੀ ਪਾਈ। ਐੱਫ ਟੀ ਏ ਤਹਿਤ ਨਿਊਜ਼ੀਲੈਂਡ ਭਾਰਤੀ ਬਰਾਮਦਾਂ ਉੱਤੇ 100 ਫੀਸਦ ਡਿਊਟੀ ਮੁਕਤ ਰਸਾਈ ਦੇਵੇਗਾ ਜਿਸ ਵਿੱਚ ਸਾਰੀਆਂ ਟੈਰਿਫ਼ ਲਾਈਨਾਂ ਜਾਂ ਉਤਪਾਦਨ ਵਰਗ ਸ਼ਾਮਲ ਹੋਣਗੇ। ਇਸ ਨਾਲ ਟੈਕਸਟਾਈਲ, ਐਪਰਲਜ਼, ਚਮੜਾ, ਜੁੱਤੀਆਂ, ਰਤਨ ਅਤੇ ਗਹਿਣੇ, ਇੰਜਨੀਅਰਿੰਗ ਸਾਜ਼ੋ ਸਾਮਾਨ ਅਤੇ ਪ੍ਰੋਸੈਸਡ ਭੋਜਨ ਵਰਗੇ ਕਿਰਤ-ਸਬੰਧੀ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਵਧਣ ਨਾਲ ਐੱਮ ਐੱਸ ਐੱਮ ਈ’ਜ਼ ਅਤੇ ਰੁਜ਼ਗਾਰ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਨਿਊਜ਼ੀਲੈਂਡ ਸਮਝੌਤੇ ਤਹਿਤ ਭਾਰਤ ਵਿੱਚ 20 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਲਈ ਵਚਨਬੱਧ ਰਹੇਗਾ। 2024 ਵਿੱਚ ਦੋਵਾਂ ਮੁਲਕਾਂ ਦਰਮਿਆਨ ਦੁਵੱਲਾ ਵਪਾਰ 2.4 ਅਰਬ ਡਾਲਰ ਸੀ।
ਐੱਫ ਟੀ ਏ ਤੋਂ ਪਹਿਲਾਂ ਨਿਊਜ਼ੀਲੈਂਡ ਅਹਿਮ ਭਾਰਤੀ ਬਰਾਮਦਾਂ ਜਿਵੇਂ ਸੈਰੇਮਿਕਸ, ਕਾਰਪੈੱਟ, ਆਟੋਮੋਬਾਈਲ ਤੇ ਆਟੋ ਕਲਪੁਰਜ਼ਿਆਂ ਉੱਤੇ ਵੱਧ ਤੋਂ ਵੱਧ 10 ਫੀਸਦ ਟੈਕਸ ਲਗਾਉਂਦਾ ਸੀ। ਭਾਰਤ ਨੇ ਸਮਝੌਤੇ ਤਹਿਤ ਆਪਣੇ ਨਿਰਮਾਣ ਖੇਤਰ ਲਈ ਡਿਊਟੀ-ਮੁਕਤ ਇਨਪੁਟਸ ਸੁਰੱਖਿਅਤ ਕੀਤੇ ਹਨ, ਜਿਸ ਵਿੱਚ ਲੱਕੜ ਦੇ ਲੱਠੇ, ਕੋਕਿੰਗ ਕੋਲਾ, ਅਤੇ ਧਾਤਾਂ ਦੀ ਰਹਿੰਦ ਖੂੰਹਦ ਤੇ ਸਕਰੈਪ ਸ਼ਾਮਲ ਹਨ। ਇਸ ਨਾਲ ਉਤਪਾਦਨ ਲਾਗਤਾਂ ਘਟਣਗੀਆਂ ਅਤੇ ਭਾਰਤੀ ਸਨਅਤ ’ਚ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਵਧੇਗੀ। ਦੂਜੇ ਪਾਸੇ ਭਾਰਤ ਨੇ 70.03 ਫੀਸਦ ਟੈਰਿਫ ਲਾਈਨਾਂ ’ਤੇ ਟੈਰਿਫ ਕਟੌਤੀ ਦੀ ਪੇਸ਼ਕਸ਼ ਕੀਤੀ ਹੈ ਜੋ ਦੁਵੱਲੇ ਵਪਾਰ ਮੁੱਲ ਦੇ 95 ਫੀਸਦ ਨੂੰ ਕਵਰ ਕਰਦੀਆਂ ਹਨ, ਭਾਰਤ ਨੇ ਆਪਣੇ ਸੰਵੇਦਨਸ਼ੀਲ ਖੇਤਰਾਂ ਦੀ ਰੱਖਿਆ ਲਈ 29.97 ਫੀਸਦ ਟੈਰਿਫ ਲਾਈਨਾਂ ਨੂੰ ਬਾਹਰ ਰੱਖਿਆ ਹੈ। ਜਿਨ੍ਹਾਂ ਉਤਪਾਦਾਂ ਨੂੰ ਬਾਹਰ ਰੱਖਿਆ ਗਿਆ ਹੈ ਉਨ੍ਹਾਂ ਵਿੱਚ ਡੇਅਰੀ, ਪਸ਼ੂ ਉਤਪਾਦ, ਖੇਤੀ ਉਤਪਾਦ, ਖੰਡ, ਮਸਨੂਈ ਸ਼ਹਿਦ, ਹਥਿਆਰ ਤੇ ਗੋਲੀਸਿੱਕਾ, ਰਤਨ ਤੇ ਗਹਿਣੇ, ਤਾਂਬਾ ਤੇ ਐਲੂਮੀਨੀਅਮ ਤੇ ਇਸ ਨਾਲ ਸਬੰਧਤ ਵਸਤਾਂ ਆਦਿ ਸ਼ਾਮਲ ਹਨ।
ਈ ਯੂ ਤੇ ਅਮਰੀਕਾ ਨਾਲ ਜਲਦੀ ਕਰਾਰ ਹੋਣਗੇ: ਗੋਇਲ
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਨਿਊਜ਼ੀਲੈਂਡ ਨਾਲ ਐੱਫ ਟੀ ਏ ਉਨ੍ਹਾਂ ਦੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸਹੀਬੰਦ ਹੋਣ ਵਾਲਾ ਅਜਿਹਾ ਸੱਤਵਾਂ ਸਮਝੌਤਾ ਹੈ ਜਦੋਂਕਿ ਆਉਂਦੇ ਮਹੀਨਿਆਂ ਵਿੱਚ ਯੂਰਪੀ ਯੂਨੀਅਨ ਤੇ ਅਮਰੀਕਾ ਨਾਲ ਦੋ ਹੋਰ ਕਰਾਰ ਸਹੀਬੰਦ ਹੋਣ ਵਾਲੇ ਹਨ। ਐੱਨ ਡੀ ਏ ਸਰਕਾਰ ਹੁਣ ਤੱਕ ਯੂ ਏ ਈ, ਆਸਟਰੇਲੀਆ, ਯੂ ਕੇ, ਐਫਟਾ ਬਲਾਕ, ਓਮਾਨ, ਯੂਰੋਪੀਅਨ ਯੂਨੀਅਨ ਤੇ ਮੌਰੀਸ਼ਸ ਨਾਲ ਮੁਕਤ ਵਪਾਰ ਸਮਝੌਤੇ ਸਹੀਬੰਦ ਕਰ ਚੁੱਕੀ ਹੈ।
ਸਮਝੌਤਾ ਦੋਵਾਂ ਮੁਲਕਾਂ ਲਈ ਮੀਲਪੱਥਰ ਪਲ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਨੂੰ ਦੋਵਾਂ ਮੁਲਕਾਂ ਦਰਮਿਆਨ ਮੀਲਪੱਥਰ ਪਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਨਾਲ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਐੱਮ ਐੱਸ ਐੱਮ ਈਜ਼ , ਸਟਾਰਟਅੱਪਸ ਤੇ ਵਿਦਿਆਰਥੀਆਂ ਸਣੇ ਹੋਰਨਾਂ ਨੂੰ ਵੱਡਾ ਲਾਭ ਹੋਵੇਗਾ। ਨਿਊਜ਼ੀਲੈਂਡ ਦੀ 20 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਨਾਲ ਖੇਤੀ, ਉਤਪਾਦਨ, ਨਵੀਆਂ ਕਾਢਾਂ ਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਅਤੇ ਦੋਵਾਂ ਦੇਸ਼ਾਂ ਦੇ ਖ਼ੁਸ਼ਹਾਲ ਭਵਿੱਖ ਲਈ ਰਾਹ ਪੱਧਰਾ ਹੋਵੇਗਾ।

