ਪੰਜ ਦਿਨਾ ਕੰਮਕਾਜੀ ਹਫ਼ਤੇ 'ਤੇ ਵਿੱਤ ਮੰਤਰਾਲੇ ਨੇ ਬੈਂਕ ਯੂਨੀਅਨਾਂ ਨੂੰ ਨਹੀਂ ਦਿੱਤੀ ਸੀ ਵਚਨਬੱਧਤਾ: ਸੂਤਰ
28 ਤੋਂ 30 ਸਤੰਬਰ ਤੱਕ ਬੈਂਕ ਕਰਮਚਾਰੀਆਂ ਦੀ ਪ੍ਰਸਤਾਵਿਤ ਹੜਤਾਲ; ਸਰਕਾਰ ਨੇ ਬੈਂਕਾਂ ਨੂੰ ਐਤਵਾਰ ਨੂੰ ਵੀ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦੇ ਦਿੱਤੇ ਨਿਰਦੇਸ਼
Advertisement
ਪੰਜ ਦਿਨਾ ਕੰਮਕਾਜੀ ਹਫ਼ਤੇ ਦੀ ਮੰਗ ਨੂੰ ਲੈ ਕੇ 28 ਸਤੰਬਰ ਤੋਂ ਪ੍ਰਸਤਾਵਿਤ ਬੈਂਕ ਕਰਮਚਾਰੀਆਂ ਦੀ ਤਿੰਨ ਦਿਨਾ ਹੜਤਾਲ ਤੋਂ ਪਹਿਲਾਂ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਮੁੱਦੇ 'ਤੇ ਵਿੱਤ ਮੰਤਰਾਲੇ ਵੱਲੋਂ ਕੋਈ ਵਚਨਬੱਧਤਾ ਨਹੀਂ ਦਿੱਤੀ ਗਈ ਸੀ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ ਐੱਫ ਬੀ ਯੂ) ਨੇ ਪੰਜ ਦਿਨਾ ਕੰਮਕਾਜੀ ਹਫ਼ਤੇ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ।
Advertisement
ਬੈਂਕ ਕਰਮਚਾਰੀ ਯੂਨੀਅਨਾਂ ਦਾ ਦਾਅਵਾ ਹੈ ਕਿ 8 ਮਾਰਚ, 2024 ਨੂੰ ਹੋਏ 12ਵੇਂ ਦੁਵੱਲੇ ਸਮਝੌਤੇ/9ਵੇਂ ਸਾਂਝੇ ਨੋਟ ਤਹਿਤ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ ਬੀ ਏ) ਨੇ ਪੰਜ ਦਿਨਾ ਕੰਮਕਾਜੀ ਹਫ਼ਤੇ ਦੇ ਪ੍ਰਸਤਾਵ 'ਤੇ ਸਹਿਮਤੀ ਦਿੱਤੀ ਸੀ। ਇਸ ਤਹਿਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਦੇ ਘੰਟੇ 40 ਮਿੰਟ ਵਧਾਏ ਜਾਣੇ ਸਨ।
Advertisement
ਸੂਤਰਾਂ ਨੇ ਕਿਹਾ ਕਿ ਇਸ ਪ੍ਰਸਤਾਵ ਦੀ ਬਾਅਦ ਵਿੱਚ ਸਰਕਾਰ ਨੂੰ ਸਿਫ਼ਾਰਸ਼ ਕੀਤੀ ਗਈ ਸੀ ਅਤੇ ਇਹ ਫਿਲਹਾਲ ਵਿਚਾਰ ਅਧੀਨ ਹੈ। ਸੂਤਰਾਂ ਨੇ ਕਿਹਾ ਕਿ ਇਸ ਦੌਰਾਨ ਕਈ ਲੰਬਿਤ ਮੰਗਾਂ ਦਾ ਹੱਲ ਕੀਤਾ ਗਿਆ ਹੈ।
ਹਾਲਾਂਕਿ, ਪ੍ਰਦਰਸ਼ਨ (Performance) ਅਧਾਰਤ ਪ੍ਰੋਤਸਾਹਨ (ਪੀ ਐੱਲ ਆਈ) ਸਕੀਮ ਵਾਪਸ ਲੈਣ ਦੀ ਯੂਨੀਅਨਾਂ ਦੀ ਮੁੱਖ ਮੰਗ ਨੂੰ ਫਿਲਹਾਲ ਲੰਬਿਤ ਰੱਖਿਆ ਗਿਆ ਹੈ।
ਉੱਥੇ ਹੀ ਪ੍ਰਸਤਾਵਿਤ ਹੜਤਾਲ ਬੈਂਕਿੰਗ ਖੇਤਰ ਦੀ ਛਿਮਾਹੀ ਖਾਤਾਬੰਦੀ (ਕਲੋਜ਼ਿੰਗ) ਦੇ ਸਮੇਂ ਹੋ ਰਹੀ ਹੈ। ਇਸ ਤੋਂ ਇਲਾਵਾ ਹੜਤਾਲ ਕਾਰਨ ਗਾਹਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ 27 ਸਤੰਬਰ ਨੂੰ ਐਤਵਾਰ ਵਾਲੇ ਦਿਨ ਵੀ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦਾ ਨਿਰਦੇਸ਼ ਦਿੱਤਾ ਹੈ।
ਹੜਤਾਲ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਸਤੰਬਰ ਮਹੀਨੇ ਦੀ ਤਨਖ਼ਾਹ ਅਗਾਊਂ ਜਾਰੀ ਕਰਨ ਦੀ ਵੀ ਸਲਾਹ ਦਿੱਤੀ ਹੈ। ਵਿੱਤ ਮੰਤਰਾਲੇ ਅਧੀਨ ਕੰਟਰੋਲਰ ਜਨਰਲ ਆਫ਼ ਅਕਾਊਂਟਸ ਵੱਲੋਂ ਜਾਰੀ ਦਫ਼ਤਰੀ ਮੈਮੋਰੰਡਮ ਅਨੁਸਾਰ, ਕੇਂਦਰ ਸਰਕਾਰ ਦੇ ਕਰਮਚਾਰੀਆਂ (ਰੱਖਿਆ, ਡਾਕ ਅਤੇ ਦੂਰਸੰਚਾਰ ਸਮੇਤ) ਦੀ ਸਤੰਬਰ ਮਹੀਨੇ ਦੀ ਤਨਖ਼ਾਹ, ਉਜਰਤ ਅਤੇ ਪੈਨਸ਼ਨ 25 ਸਤੰਬਰ ਨੂੰ ਜਾਰੀ ਕੀਤੀ ਜਾ ਸਕਦੀ ਹੈ।
ਵਿੱਤ ਮੰਤਰਾਲੇ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੈਂਕ ਕਰਮਚਾਰੀਆਂ ਨੂੰ ਹੜਤਾਲ ਤੋਂ ਬਚਣ ਅਤੇ ਬਾਕੀ ਮੰਗਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਸੀ। ਮੰਤਰਾਲੇ ਨੇ ਕਿਹਾ ਸੀ ਕਿ ਯੂਨੀਅਨਾਂ ਦੇ ਬਹੁਤੇ ਮਸਲਿਆਂ ਦਾ ਕਾਫ਼ੀ ਹੱਦ ਤੱਕ ਹੱਲ ਕੀਤਾ ਜਾ ਚੁੱਕਾ ਹੈ।
Advertisement
×

