Agriculture ’ਤੇ El Nino ਦਾ ਅਸਰ ਸੰਭਵ: Reserve Bank of India
ਪੱਛਮੀ ਏਸ਼ੀਆ ਦੇ ਸੰਕਟ ਕਾਰਨ ਮਜ਼ਬੂਤ ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ
ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਅੱਜ ਜਾਰੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਈਂਧਣ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਚੇਨ ਵਿੱਚ ਵਿਘਨ ਕਾਰਨ ਭਾਰਤੀ ਅਰਥਚਾਰੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਕਿ ਅਲ ਨੀਨੋ ਦੀਆਂ ਸਥਿਤੀਆਂ ਕਾਰਨ ਖੇਤੀਬਾੜੀ ਦੇ ਝਾੜ ’ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਕੰਪਨੀਆਂ ਅਤੇ ਬੈਂਕਾਂ ਦੀ ਮਜ਼ਬੂਤ ਵਿੱਤੀ ਸਥਿਤੀ ਅਤੇ ਪੂੰਜੀਗਤ ਖ਼ਰਚਿਆਂ ’ਤੇ ਸਰਕਾਰ ਦਾ ਲਗਾਤਾਰ ਜ਼ੋਰ ਅਤੇ ਪ੍ਰਮੁੱਖ ਭਾਈਵਾਲਾਂ ਨਾਲ ਵਪਾਰਕ ਸਮਝੌਤਿਆਂ ਦੇ ਲਾਗੂ ਹੋਣ ਨਾਲ ਨਿਵੇਸ਼ ਤੇ ਵਿਕਾਸ ਦੀ ਰਫ਼ਤਾਰ ਬਰਕਰਾਰ ਰਹਿਣ ਦੀ ਉਮੀਦ ਹੈ।
ਭੂ-ਸਿਆਸੀ ਜੋਖਮਾਂ ਕਾਰਨ ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਜਾਰੀ ਰਿਹਾ, ਪਰ ਮਾਰਚ 2026 ਦੇ ਅਖ਼ੀਰ ਵਿੱਚ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਇਹ ਉਤਾਰ-ਚੜ੍ਹਾਅ ਹੋਰ ਤੇਜ਼ ਹੋ ਗਿਆ। ਰਿਪੋਰਟ ਮੁਤਾਬਕ, 2026-27 ਵਿੱਚ ਭਾਰਤੀ ਅਰਥਚਾਰੇ ਦਾ ਭਵਿੱਖ ਹਾਂਵਾਚੀ ਬਣਿਆ ਹੋਇਆ ਹੈ। ਹਾਲਾਂਕਿ, ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲਾ ਸੰਕਟ ਵੱਡਾ ਜੋਖਮ ਪੈਦਾ ਕਰ ਸਕਦਾ ਹੈ। ਆਰ ਬੀ ਆਈ ਨੇ ਇਹ ਵੀ ਕਿਹਾ ਕਿ 2026-27 ਵਿੱਚ ਖੇਤੀਬਾੜੀ ਖੇਤਰ ਦਾ ਭਵਿੱਖ ਦੱਖਣ-ਪੱਛਮੀ ਮੌਨਸੂਨ ਦੀ ਪੇਸ਼ਕਦਮੀ ਅਤੇ ਇਸ ਦੀ ਵੰਡ ’ਤੇ ਨਿਰਭਰ ਕਰੇਗਾ। ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਅਲ ਨੀਨੋ ਦੀਆਂ ਸਥਿਤੀਆਂ ਬਣਨ ਦੀ ਸੰਭਾਵਨਾ ਖੇਤੀਬਾੜੀ ਪੈਦਾਵਾਰ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

