ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਪਰੈਲ ਵਿੱਚ ਪੇਈਚਿੰਗ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। 'ਪੋਲੀਟਿਕੋ' ਦੀ ਰਿਪੋਰਟ ਅਨੁਸਾਰ, ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਹ ਉਨ੍ਹਾਂ ਦੀ ਪਹਿਲੀ ਚੀਨ ਯਾਤਰਾ ਹੋਵੇਗੀ।
ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ, "ਮੈਂ ਅਪਰੈਲ ਵਿੱਚ ਚੀਨ ਜਾ ਰਿਹਾ ਹਾਂ ਅਤੇ ਸ਼ੀ ਜਿਨਪਿੰਗ ਸਾਲ ਦੇ ਅੰਤ ਤੱਕ ਇੱਥੇ ਆਉਣਗੇ।"
ਦਰਅਸਲ ਦੋਵਾਂ ਆਗੂਆਂ ਵਿਚਾਲੇ 4 ਫਰਵਰੀ ਨੂੰ 90 ਮਿੰਟ ਤੱਕ ਫੋਨ 'ਤੇ ਗੱਲਬਾਤ ਹੋਈ। ਟਰੰਪ ਮੁਤਾਬਕ ਇਹ ਗੱਲਬਾਤ ਮੁੱਖ ਤੌਰ 'ਤੇ ਵਪਾਰ (Trade) 'ਤੇ ਕੇਂਦਰਿਤ ਸੀ।
ਟਰੰਪ ਨੇ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਰਾਸ਼ਟਰਪਤੀ ਸ਼ੀ ਨੇ ਉਨ੍ਹਾਂ ਨੂੰ ਅਤੇ ਫਰਸਟ ਲੇਡੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਦੋ ਵੱਡੇ ਦੇਸ਼ਾਂ ਦੇ ਆਗੂਆਂ ਵਿਚਾਲੇ ਚੰਗੇ ਸਬੰਧ ਹੋਣਾ ਬਹੁਤ ਜ਼ਰੂਰੀ ਹੈ।
ਚੀਨੀ ਮੀਡੀਆ ਮੁਤਾਬਕ ਸ਼ੀ ਜਿਨਪਿੰਗ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਵਿਰੁੱਧ ਲਏ ਗਏ ਨਕਾਰਾਤਮਕ ਫੈਸਲਿਆਂ ਨੂੰ ਵਾਪਸ ਲਵੇ ਅਤੇ ਬਰਾਬਰੀ ਤੇ ਸਤਿਕਾਰ ਦੇ ਨਾਲ ਮਿਲ ਕੇ ਕੰਮ ਕਰੇ। ਭਾਵੇਂ ਦੋਵੇਂ ਆਗੂ ਮਿਲਣ ਦੀ ਤਿਆਰੀ ਕਰ ਰਹੇ ਹਨ, ਪਰ ਦੋਵਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ 'ਤੇ ਤਣਾਅ ਬਰਕਰਾਰ ਹੈ।
ਚੀਨ ਨੇ ਅਜੇ ਤੱਕ ਦੁਰਲੱਭ ਖਣਿਜਾਂ (Rare Earth Minerals) ਦੇ ਬਰਾਮਦ 'ਤੇ ਲਗਾਈਆਂ ਪਾਬੰਦੀਆਂ ਨਹੀਂ ਹਟਾਈਆਂ ਹਨ, ਜਿਸ ਕਾਰਨ ਟਰੰਪ ਪ੍ਰਸ਼ਾਸਨ ਨਾਰਾਜ਼ ਹੈ। ਅਮਰੀਕਾ ਨੇ ਚੀਨੀ ਕੰਪਨੀ Huawei ਦੇ AI ਚਿਪਸ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੈ ਅਤੇ ਨਾਜ਼ੁਕ ਟੈਕਨਾਲੋਜੀ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ।
ਅਮਰੀਕਾ ਨੇ ਉਨ੍ਹਾਂ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਸਬੰਧ ਚੀਨੀ ਕਮਿਊਨਿਸਟ ਪਾਰਟੀ ਨਾਲ ਹਨ ਜਾਂ ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਪੜ੍ਹਾਈ ਕਰ ਰਹੇ ਹਨ।

