Windfall tax: ਕੇਂਦਰ ਨੇ ਡੀਜ਼ਲ, ਹਵਾਈ ਬਾਲਣ ਦੇ ਨਿਰਯਾਤ 'ਤੇ ਵਿੰਡਫਾਲ ਟੈਕਸ ਵਧਾਇਆ
ਕੇਂਦਰ ਵੱਲੋਂ ਹਰ ਦੋ ਹਫ਼ਤਿਆਂ ਬਾਅਦ ਪੈਟਰੋਲੀਅਮ ਉਤਪਾਦਾਂ 'ਤੇ ਵਿੰਡਫਾਲ ਟੈਕਸਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ
ਪੱਛਮੀ ਏਸ਼ੀਆ ਸੰਕਟ ਕਾਰਨ ਵਿਸ਼ਵ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹਿਣ ਕਾਰਨ ਕੇਂਦਰ ਸਰਕਾਰ ਨੇ ਡੀਜ਼ਲ ਅਤੇ ਹਵਾਈ ਬਾਲਣ ਦੇ ਨਿਰਯਾਤ 'ਤੇ ਵਿੰਡਫਾਲ ਟੈਕਸ(ਅਚਾਨਕ ਹੋਏ ਮੁਨਾਫ਼ੇ ਉੱਤੇ ਟੈਕਸ) ਵਧਾ ਦਿੱਤਾ ਹੈ।
ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਸਰਕਾਰ ਨੇ ਪੈਟਰੋਲ ਦੇ ਨਿਰਯਾਤ 'ਤੇ ਵਿੰਡਫਾਲ ਟੈਕਸ 2.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 3.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ, ਜੋ ਕਿ 1 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੈ। ਡੀਜ਼ਲ ਦੇ ਨਿਰਯਾਤ 'ਤੇ ਵਿੰਡਫਾਲ ਟੈਕਸ 15.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 24 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ, ਜੋ ਕਿ 8.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੈ। ਇਹ ਵਾਧਾ 3 ਅਗਸਤ, 2026 ਤੋਂ ਲਾਗੂ ਹੋ ਗਿਆ ਹੈ।
ਸਰਕਾਰ ਨੇ ਏਅਰ ਟਰਬਾਈਨ ਫਿਊਲ (ਏ.ਟੀ.ਐੱਫ.), ਜਿਸ ਨੂੰ ਆਮ ਤੌਰ 'ਤੇ ਜੈੱਟ ਫਿਊਲ ਕਿਹਾ ਜਾਂਦਾ ਹੈ, ਦੇ ਨਿਰਯਾਤ 'ਤੇ ਵਿੰਡਫਾਲ ਟੈਕਸ 14.5 ਤੋਂ ਵਧਾ ਕੇ 22 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ, ਜੋ ਕਿ 7.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੈ।
ਕੇਂਦਰ ਸਰਕਾਰ ਹਰ ਦੋ ਹਫ਼ਤਿਆਂ ਬਾਅਦ ਪੈਟਰੋਲੀਅਮ ਉਤਪਾਦਾਂ 'ਤੇ ਵਿੰਡਫਾਲ ਟੈਕਸਾਂ ਦਾ ਮੁਲਾਂਕਣ ਕਰਦੀ ਹੈ ਅਤੇ ਗਲੋਬਲ ਕੱਚੇ ਤੇਲ ਦੀਆਂ ਕੀਮਤਾਂ, ਨਿਰਯਾਤ ਮਾਰਜਿਨ ਅਤੇ ਆਮ ਮਾਰਕੀਟ ਸਥਿਤੀਆਂ ਵਿੱਚ ਤਬਦੀਲੀਆਂ ਦੇ ਜਵਾਬ ਵਿੱਚ ਲੇਵੀ ਨੂੰ ਸੋਧਦੀ ਹੈ।
ਇਸ ਤੋਂ ਪਹਿਲਾਂ 16 ਜੁਲਾਈ ਨੂੰ ਕੇਂਦਰ ਨੇ ਪੈਟਰੋਲ 'ਤੇ ਨਿਰਯਾਤ ਡਿਊਟੀ 4 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 2.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਸੀ। ਜਦੋਂ ਕਿ ਏ.ਟੀ.ਐੱਫ. ਨਿਰਯਾਤ 'ਤੇ ਡਿਊਟੀ 7.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 14.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ, ਡੀਜ਼ਲ ਦੇ ਨਿਰਯਾਤ 'ਤੇ ਵਿੰਡਫਾਲ ਟੈਕਸ 8.5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 15.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਸੀ।

