ਵੀਰਾਸਵਾਮੀ ਨੂੰ ਬਚਾਉਣ ਲਈ ਅੱਗੇ ਆਏ ਬਰਤਾਨਵੀ ਖਾਨਸਾਮੇ
ਕਰਾਊਨ ਐਸਟੇਟ ਨੂੰ ਪੱਤਰ ਲਿਖ ਕੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ
ਬਰਤਾਨੀਆ ਦੇ ਕੁਝ ਪ੍ਰਮੁੱਖ ਖਾਨਸਾਮੇ ਅੱਜ ਲੰਡਨ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟਾਂ ’ਚੋਂ ਇਕ ‘ਵੀਰਾਸਵਾਮੀ’ ਨੂੰ ਬਚਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਏ। ਇਸ ਰੈਸਟੋਰੈਂਟ ਦੀ ਲੀਜ਼ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਹੈ ਜਿਸ ਨਾਲ ਰੀਜੈਂਟ ਸਟ੍ਰੀਟ ਤੋਂ ਇਸ ਨੂੰ ਹਟਾਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
‘ਦਿ ਟਾਈਮਜ਼’ ਵਿੱਚ ਪ੍ਰਕਾਸ਼ਿਤ ਇਕ ਖੁੱਲ੍ਹੇ ਪੱਤਰ ’ਚ ਸਾਈਰਸ ਟੋਡੀਵਾਲਾ, ਰੇਅਮੰਡ ਬਲੈਂਕ ਅਤੇ ਮਿਸ਼ੇਲ ਰੂਕਸ ਵਰਗੇ ਪ੍ਰਸਿੱਧ ਸ਼ੈੱਫ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੇ ਵਿਕਟਰੀ ਹਾਊਸ ਦੇ ਮਾਲਕ ਕਰਾਊਨ ਐਸਟੇਟ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਨ। ਵਿਕਟਰੀ ਹਾਊਸ ਵਿੱਚ ਅਪਰੈਲ 1926 ਤੋਂ ਲਗਪਗ 100 ਸਾਲਾਂ ਤੋਂ ਇਹ ਰੈਸਟੋਰੈਂਟ ਚੱਲ ਰਿਹਾ ਹੈ। ਪਿਛਲੀਆਂ ਗਰਮੀਆਂ ਵਿੱਚ ‘ਵੀਰਾਸਵਾਮੀ’ ਦੇ ਮਾਲਕ ਐੱਮ ਡਬਲਿਊ ਈਟ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਲੀਜ਼ ਨੂੰ ਨਹੀਂ ਨਵਿਆਇਆ ਜਾਵੇਗਾ, ਕਿਉਂਕਿ ਕਰਾਊਨ ਐਸਟੇਟ ਜੋ ਇਮਾਰਤ ਦੀ ਉੱਪਰਲੀ ਮੰਜ਼ਿਲ ’ਤੇ ਸਥਿਤ ਹੈ, ਦਫ਼ਤਰਾਂ ਲਈ ਜ਼ਮੀਨੀ ਮੰਜ਼ਿਲ ਦੇ ਸਵਾਗਤ ਖੇਤਰ ਦਾ ਵਿਸਥਾਰ ਕਰਨਾ ਚਾਹੁੰਦਾ ਹੈ।
ਖਾਨਸਾਮਿਆਂ ਨੇ ਪੱਤਰ ਵਿੱਚ ਲਿਖਿਆ ਹੈ, ‘‘ਅਜਿਹੇ ਰੈਸਟੋਰੈਂਟ ਨੂੰ ਦਫ਼ਤਰ ਵਿੱਚ ਤਬਦੀਲ ਕਰਨਾ ਗ਼ੈਰ-ਵਾਜਿਬ ਹੋਵੇਗਾ। ਇਸ ਨਾਲ ਸੈਰ-ਸਪਾਟਾ ਅਰਥਚਾਰੇ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਜਿਵੇਂ ਕਰਾਊਨ ਜਾਣਦਾ ਹੈ ਕਿ ਵਿਰਾਸਤ ਨੂੰ ਨਾ ਤਾਂ ਤਬਦੀਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਤਿਹਾਸ ਨੂੰ ਬਦਲਿਆ ਜਾ ਸਕਦਾ ਹੈ।

