Britain ’ਚ ਰਾਤ ਸਮੇਂ Social Media Curfew ਲਾਉਣ ਦੀ Planning
16 ਤੇ 17 ਸਾਲ ਦੇ ਨੌਜਵਾਨਾਂ ’ਚ ਸਕਰੀਨ ਟਾੲੀਮ ਘਟਾੳੁਣ ਦੀ ਕੋਸ਼ਿਸ਼ ਹੋਵੇਗੀ
ਬਰਤਾਨਵੀ ਸਰਕਾਰ ਨੇ 16 ਅਤੇ 17 ਸਾਲ ਦੇ ਨੌਜਵਾਨਾਂ ਲਈ ਰਾਤ ਸਮੇਂ ਸੋਸ਼ਲ ਮੀਡੀਆ ਦੀ ਵਰਤੋਂ ਸੀਮਤ ਕਰਨ ਲਈ ਸਵੈ-ਇੱਛਤ ਕਰਫਿਊ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਯੋਜਨਾ ਤਹਿਤ ਨੌਜਵਾਨਾਂ ’ਚ ਸਕਰੀਨ ਟਾਈਮ ਘਟਾਉਣ ਲਈ ਆਟੋ-ਪਲੇਅ ਵਰਗੇ ਫੀਚਰਜ਼ ਡਿਫਾਲਟ ਰੂਪ ’ਚ ਬੰਦ ਰਹਿਣਗੇ। ਹਾਲਾਂਕਿ, ਆਲੋਚਕਾਂ ਨੇ ਇਸ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਚੁੱਕੇ ਹਨ ਕਿਉਂਕਿ ਨੌਜਵਾਨ ਇਨ੍ਹਾਂ ਸੈਟਿੰਗਾਂ ਨੂੰ ਖ਼ੁਦ ਬਦਲ ਸਕਦੇ ਹਨ।
ਇਹ ਕਦਮ ਸਰਕਾਰ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਾਈ ਗਈ ਸੋਸ਼ਲ ਮੀਡੀਆ ਪਾਬੰਦੀ ਤੋਂ ਬਾਅਦ ਚੁੱਕਿਆ ਗਿਆ ਹੈ, ਜੋ ਅਗਲੇ ਸਾਲ ਤੋਂ ਲਾਗੂ ਹੋਵੇਗੀ। ਇਸ ਪਾਬੰਦੀ ’ਚ ਟਿਕਟੌਕ, ਸਨੈਪਚੈਟ ਅਤੇ ਇੰਸਟਾਗ੍ਰਾਮ ਸ਼ਾਮਲ ਹਨ ਪਰ ਵਟਸਐਪ ਵਰਗੀਆਂ ਮੈਸੇਜਿੰਗ ਐਪਸ ਨੂੰ ਛੋਟ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਉਨ੍ਹਾਂ ਦੇ ਸੰਭਾਵੀ ਉੱਤਰਾਧਿਕਾਰੀ ਐਂਡੀ ਬਰਨਹੈਮ ਵੱਲੋਂ ਅੱਗੇ ਵਧਾਏ ਜਾਣ ਦੀ ਉਮੀਦ ਹੈ।
ਔਨਲਾਈਨ ਸੁਰੱਖਿਆ ਮਾਮਲਿਆਂ ਬਾਰੇ ਮੰਤਰੀ ਕਨਿਸ਼ਕ ਨਾਰਾਇਣ ਨੇ ਆਲੋਚਨਾ ਨੂੰ ਰੱਦ ਕਰਦਿਆਂ ਕਿਹਾ ਕਿ ਇੱਕ ਪਾਇਲਟ ਪ੍ਰੋਗਰਾਮ ਦੌਰਾਨ 90 ਫ਼ੀਸਦੀ ਤੋਂ ਵੱਧ ਨੌਜਵਾਨਾਂ ਨੇ ਸਵੈ-ਇੱਛਤ ਸੈਟਿੰਗਾਂ ਨੂੰ ਬਰਕਰਾਰ ਰੱਖਿਆ, ਜਿਸ ਨਾਲ ਉਨ੍ਹਾਂ ਦੀ ਨੀਂਦ ਅਤੇ ਇਕਾਗਰਤਾ ’ਚ ਸੁਧਾਰ ਹੋਇਆ। ਦੂਜੇ ਪਾਸੇ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ‘ਐੱਨ ਐੱਸ ਪੀ ਸੀ ਸੀ’ ਨੇ ਚਿਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ਦੀ ਆਦਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਹੋਰ ਸਖ਼ਤ ਕਦਮ ਚੁੱਕਣੇ ਪੈਣਗੇ।
ਲਹਿੰਦੇ ਪੰਜਾਬ ’ਚ ਵੀ ਪਾਬੰਦੀ ਦੀ ਮੰਗ
ਲਾਹੌਰ: ਪਾਕਿਸਤਾਨ ਦੀ ਪੰਜਾਬ ਅਸੈਂਬਲੀ ’ਚ ਇਸਤੇਖ਼ਾਮ-ਏ-ਪਾਕਿਸਤਾਨ ਪਾਰਟੀ ਦੀ ਮੈਂਬਰ ਸਾਰਾਹ ਅਹਿਮਦ ਨੇ ਮਤਾ ਪੇਸ਼ ਕਰ ਕੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਪਿਆਂ ਦੀ ਇਜਾਜ਼ਤ ਬਿਨਾਂ ਸੋਸ਼ਲ ਮੀਡੀਆ ਖਾਤਿਆਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਇਹ ਸਿਫ਼ਾਰਸ਼ ਸੰਘੀ ਸਰਕਾਰ ਤੱਕ ਪਹੁੰਚਾਉਣ ਲਈ ਵੀ ਕਿਹਾ ਹੈ। ਇਹ ਕਦਮ ਬੱਚਿਆਂ ’ਚ ਸਾਈਬਰ ਬੁਲਿੰਗ, ਜਿਨਸੀ ਸ਼ੋਸ਼ਣ ਅਤੇ ਡਿਜੀਟਲ ਲਤ ਦੇ ਵਧਦੇ ਖ਼ਤਰਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

