ਆਸਟਰੇਲੀਆ ਸੋਸ਼ਲ ਮੀਡੀਆ ਮੰਚਾਂ ਖ਼ਿਲਾਫ਼ ਅਦਾਲਤ ਜਾਵੇਗਾ
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼
ਆਸਟਰੇਲੀਆ ਦੀ ਆਨਲਾਈਨ ਸੁਰੱਖਿਆ ਨਿਗਰਾਨੀ ਸੰਸਥਾ ਨੇ ਕਿਹਾ ਹੈ ਕਿ ਉਹ ਫੇਸਬੁਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟਾਕ ਅਤੇ ਯੂਟਿਊਬ ਖ਼ਿਲਾਫ਼ ਅਦਾਲਤੀ ਕਾਰਵਾਈ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਇਹ ਮੰਚ 16 ਸਾਲ ਤੋਂ ਘੱਟ ਉਮਰ ਦੇ ਆਸਟਰੇਲਿਆਈ ਬੱਚਿਆਂ ਨੂੰ ਆਪਣੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ।
ਮਾਹਿਰਾਂ ਦਾ ਮੰਨਣਾ ਹੈ ਕਿ ਆਸਟਰੇਲਿਆਈ ਅਦਾਲਤਾਂ ਇਹ ਤੈਅ ਕਰ ਸਕਦੀਆਂ ਹਨ ਕਿ 10 ਦਸੰਬਰ ਤੋਂ ਲਾਗੂ ਹੋਏ ਉਨ੍ਹਾਂ ਕਾਨੂੰਨਾਂ ਤਹਿਤ ਮੰਚਾਂ ਤੋਂ ਕੀ ਕਦਮ ਚੁੱਕਣ ਦੀ ਆਸ ਕੀਤੀ ਜਾ ਸਕਦੀ ਹੈ, ਜਿਨ੍ਹਾਂ ’ਚ ਛੋਟੇ ਬੱਚਿਆਂ ਦੇ ਖਾਤੇ ਬਣਾਉਣ ’ਤੇ ਪਾਬੰਦੀ ਲਾਈ ਗਈ ਹੈ। ਆਸਟਰੇਲੀਆ ਦੀ ਈ-ਸੁਰੱਖਿਆ ਕਮਿਸ਼ਨਰ ਜੂਲੀ ਇਨਮੈਨ ਗਰਾਂਟ ਨੇ ਇਹ ਕਾਨੂੰਨ ਲਾਗੂ ਹੋਣ ਮਗਰੋਂ ਆਪਣੀ ਪਹਿਲੀ ਅਮਲ ਸਬੰਧੀ ਰਿਪੋਰਟ ਜਾਰੀ ਕੀਤੀ ਹੈ ਜਿਸ ’ਚ 10 ਮੰਚਾਂ ਤੋਂ 10 ਸਾਲ ਤੋਂ ਘੱਟ ਉਮਰ ਦੇ ਸਾਰੇ ਆਸਟਰੇਲਿਆਈ ਖਾਤਾਧਾਰਕ ਹਟਾਉਣ ਦੀ ਮੰਗ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 50 ਲੱਖ ਆਸਟਰੇਲਿਆਈ ਖਾਤੇ ਰੱਦ ਕਰ ਦਿੱਤੇ ਗਏ ਹਨ। ਫਿਰ ਵੀ ਵੱਡੀ ਗਿਣਤੀ ’ਚ ਆਸਟਰੇਲਿਆਈ ਬੱਚਿਆਂ ਦੇ ਖਾਤੇ ਬਰਕਰਾਰ ਹਨ, ਨਵੇਂ ਖਾਤੇ ਬਣ ਰਹੇ ਹਨ। ਇਨਮੈਨ ਗਰਾਂਟ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਇਨ੍ਹਾਂ 10 ਮੰਚਾਂ ’ਚੋਂ ਤਕਰੀਬਨ ਅੱਧਿਆਂ ਦੇ ਨਿਯਮਾਂ ਦੀ ਪਾਲਣਾਂ ਸਬੰਧੀ ‘ਗੰਭੀਰ ਚਿੰਤਾਵਾਂ’ ਹਨ।

