ਕੱਚੇ ਤੇਲ ਲਈ ਏਸ਼ਿਆਈ ਮੁਲਕਾਂ ਦਾ ਮੂੰਹ ਰੂਸ ਵੱਲ
ਰੂਸ ਨੂੰ ਅਰਬਾਂ ਡਾਲਰ ਦੀ ਕਮਾਈ; ਭਾਰਤ ਨੂੰ ਰੋਜ਼ਾਨਾ 5.5 ਮਿਲੀਅਨ ਤੋਂ 6 ਮਿਲੀਅਨ ਬੈਰਲ ਤੇਲ ਦੀ ਲੋੜ
ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਖਿਲਾਫ਼ ਛੇੜੀ ਜੰਗ ਨੂੰ ਹੁਣ ਜਦੋਂ ਮਹੀਨਾ ਹੋ ਗਿਆ ਹੈ ਤਾਂ ਏਸ਼ਿਆਈ ਮੁਲਕਾਂ ਵਿੱਚ ਰੂਸੀ ਕੱਚੇ ਤੇਲ ਲਈ ਮੁਕਾਬਲੇਬਾਜ਼ੀ ਵਧਣ ਲੱਗੀ ਹੈ। ਹਰਮੁਜ਼ ਜਲਮਾਰਗ, ਜਿਸ ਦਾ ਬਹੁਤ ਹਿੱਸਾ ਇਸ ਵੇਲੇ ਬੰਦ ਹੈ, ਤੋਂ ਆਉਣ ਵਾਲਾ ਬਹੁਤਾ ਤੇਲ ਏਸ਼ਿਆਈ ਮੁਲਕਾਂ ਲਈ ਹੈ। ਆਲਮੀ ਪੱਧਰ ’ਤੇ ਕੱਚੇ ਤੇਲ ਦੀ ਸਪਲਾਈ ਵਧਾਉਣ ਲਈ ਅਮਰੀਕਾ ਨੇ ਰੂਸੀ ਤੇਲ ਦੀ ਖਰੀਦ ’ਤੇ ਲੱਗੀ ਪਾਬੰਦੀਆਂ ਵਿੱਚ ਪਹਿਲਾਂ ਭਾਰਤ ਤੇ ਮਗਰੋਂ ਕੁੱਲ ਆਲਮ ਦੇ ਬਾਕੀ ਮੁਲਕਾਂ ਨੂੰ ਅਸਥਾਈ ਢਿੱਲ ਦਿੱਤੀ ਹੈ। ਏਸ਼ੀਆ ਵਿੱਚ ਕੱਚੇ ਤੇਲ ਦੀ ਮੰਗ ਵਧ ਰਹੀ ਹੈ ਅਤੇ ਰੂਸ ਅਰਬਾਂ ਡਾਲਰ ਦੀ ਕਮਾਈ ਕਰ ਰਿਹਾ ਹੈ।
ਇਰਾਨ ਜੰਗ ਤੋਂ ਪਹਿਲਾਂ ਚੀਨ, ਭਾਰਤ ਤੇ ਤੁਰਕੀ ਰੂਸੀ ਤੇਲ ਦੇ ਪ੍ਰਮੁੱਖ ਦਰਾਮਦਕਾਰ ਸਨ। ਇਨ੍ਹਾਂ ਮੁਲਕਾਂ ਨੇ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਕੇ ਕੱਚੇ ਤੇਲ ਦੀਆਂ ਕੀਮਤਾਂ ’ਚ ਵੱਡੀ ਛੋਟ ਨੂੰ ਤਰਜੀਹ ਦਿੱਤੀ। ਕਾਬਿਲੇਗੌਰ ਹੈ ਕਿ ਭਾਰਤ ਨੂੰ ਰੋਜ਼ਾਨਾ 5.5 ਮਿਲੀਅਨ ਤੋਂ 6 ਮਿਲੀਅਨ ਬੈਰਲ ਤੇਲ ਦੀ ਲੋੜ ਪੈਂਦੀ ਹੈ। ਸਮੀਖਿਅਕਾਂ ਦਾ ਕਹਿਣਾ ਹੈ ਕਿ ਰੂਸ ਵੱਲੋਂ ਬਰਾਮਦਾਂ ਤੇਜ਼ੀ ਨਾਲ ਵਧਾਉਣ ਦੀ ਫੌਰੀ ਕੋਈ ਸੰਭਾਵਨਾ ਨਹੀਂ ਹੈ। ਮਾਰਚ ਵਿੱਚ ਤੇਲ ਦਾ ਪ੍ਰਵਾਹ ਲਗਪਗ 3.8 ਮਿਲੀਅਨ ਬੈਰਲ ਪ੍ਰਤੀ ਦਿਨ ਸੀ, ਜੋ ਫਰਵਰੀ ਵਿੱਚ 3.2 ਮਿਲੀਅਨ ਦੇ ਅੰਕੜੇ ਤੋਂ ਉੱਪਰ ਸੀ ਪਰ ਅਜੇ ਵੀ 2023 ਦੇ ਮੱਧ ਵਿੱਚ 3.9 ਮਿਲੀਅਨ ਦੇ ਸਿਖਰ ਤੋਂ ਹੇਠਾਂ ਹੈ। ਇਰਾਨ ਉੱਤੇ ਹਮਲੇ ਤੋਂ ਪਹਿਲਾਂ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਚੀਨ ਤੇ ਭਾਰਤ, ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਦਰਾਮਦਕਾਰ ਸਨ। ਅਮਰੀਕੀ ਪਾਬੰਦੀਆਂ ਹਟਣ ਮਗਰੋਂ ਭਾਰਤ ਨੂੰ ਇਸ ਦਾ ਲਾਭ ਹੋਇਆ ਹੈ।

