America ਨੇ Indian ਵਸਤਾਂ ’ਤੇ 10 percent Tarrif ਲਾਇਆ
ਬੰਧੂਆ ਮਜ਼ਦੂਰੀ ਦੇ ਮੁੱਦੇ ’ਤੇ 16 ਹੋਰ ਮੁਲਕ ਵੀ ਘੇਰੇ ’ਚ ਆਏ
ਬੰਧੂਆ ਮਜ਼ਦੂਰੀ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਵਸਤਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਨੇ ਭਾਰਤ ਅਤੇ 16 ਹੋਰ ਮੁਲਕਾਂ ਤੋਂ ਦਰਾਮਦ ਹੋਣ ਵਾਲੇ ਸਾਮਾਨ ’ਤੇ 10 ਫ਼ੀਸਦੀ ਟੈਰਿਫ ਲਾ ਦਿੱਤਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਜਦੋਂ ਅਮਰੀਕਾ ਨੇ ਟਰੇਡ ਐਕਟ ਦੀ ਧਾਰਾ 301 ਤਹਿਤ ਟੈਰਿਫ ਦੀ ਤਜਵੀਜ਼ ਰੱਖੀ ਸੀ ਤਾਂ ਭਾਰਤ ਨੂੰ 12.5 ਫ਼ੀਸਦੀ ਟੈਕਸ ਵਾਲੇ ਮੁਲਕਾਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਸੀ। ਉਂਜ ਭਾਰਤ ਸਰਕਾਰ ਵੱਲੋਂ 14 ਜੁਲਾਈ ਨੂੰ ਆਪਣੀ ਵਿਦੇਸ਼ ਵਪਾਰ ਨੀਤੀ ’ਚ ਸੋਧ ਕਰ ਕੇ ਬੰਧੂਆ ਮਜ਼ਦੂਰੀ ਨਾਲ ਬਣੇ ਸਾਮਾਨ ਦੀ ਬਰਾਮਦ ’ਤੇ ਰੋਕ ਲਾਉਣ ਤੋਂ ਬਾਅਦ ਅਮਰੀਕਾ ਨੇ ਇਸ ਦਰ ਨੂੰ ਘਟਾ ਕੇ 10 ਫ਼ੀਸਦੀ ਕਰ ਦਿੱਤਾ।
ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗਰੀਰ ਨੇ 60 ਮੁਲਕਾਂ ’ਤੇ ਨਵੇਂ ਟੈਰਿਫ ਲਾਉਣ ਦਾ ਐਲਾਨ ਕੀਤਾ ਜਿਨ੍ਹਾਂ ਵਿੱਚੋਂ ਚੀਨ, ਬਰਤਾਨੀਆ ਅਤੇ ਜਪਾਨ ਵਰਗੇ ਮੁਲਕਾਂ, ਜਿਨ੍ਹਾਂ ਕੋਲ ਅਜਿਹੇ ਸਖ਼ਤ ਕਾਨੂੰਨ ਨਹੀਂ ਹਨ, ਨੂੰ 12.5 ਫ਼ੀਸਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।
‘ਟੈਰਿਫ ਲਾਉਣ ਦਾ ਕੋਈ ਪੁਖ਼ਤਾ ਆਧਾਰ ਨਹੀਂ’
ਨਵੀਂ ਦਿੱਲੀ: ਆਰਥਿਕ ਥਿੰਕ ਟੈਂਕ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ ਟੀ ਆਰ ਆਈ) ਅਨੁਸਾਰ ਅਮਰੀਕਾ ਵੱਲੋਂ ਭਾਰਤ ਅਤੇ 16 ਹੋਰ ਮੁਲਕਾਂ ’ਤੇ ਲਾਏ ਗਏ 10 ਫ਼ੀਸਦੀ ਵਾਧੂ ਟੈਰਿਫ ਦਾ ਮੁੱਖ ਮਕਸਦ ਟਰੰਪ ਪ੍ਰਸ਼ਾਸਨ ਦੇ ਟੈਰਿਫ ਦਾਇਰੇ ਨੂੰ ਬਚਾਉਣਾ ਹੈ, ਨਾ ਕਿ ਬੰਧੂਆ ਮਜ਼ਦੂਰੀ ਦੇ ਅਣਪ੍ਰਮਾਣਿਤ ਮੁੱਦੇ ਨੂੰ ਹੱਲ ਕਰਨਾ ਹੈ। ਜੀ ਟੀ ਆਰ ਆਈ ਦੇ ਬਾਨੀ ਅਜੈ ਸ੍ਰੀਵਾਸਤਵ ਨੇ ਕਿਹਾ ਕਿ ਇਸ ਫ਼ੈਸਲੇ ਦਾ ਕੋਈ ਪੁਖ਼ਤਾ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਕਿ ਭਾਰਤ ਬੰਧੂਆ ਮਜ਼ਦੂਰਾਂ ਵੱਲੋਂ ਬਣਾਈਆਂ ਗਈਆਂ ਵਸਤਾਂ ਦੀ ਬਰਾਮਦ ਕਰਦਾ ਹੈ। -ਪੀਟੀਆਈ

