ਈ-ਕਾਮਰਸ ਕੰਪਨੀ ਐਮੇਜ਼ੋਨ ਵੱਲੋਂ ਭਾਰਤ ’ਚ ਮਸਨੂਈ ਬੌਧਿਕਤਾ (ਏ ਆਈ) ਅਤੇ ਕਲਾਊਡ ਢਾਂਚੇ ਲਈ 13 ਅਰਬ ਡਾਲਰ ਦਾ ਵਾਧੂ ਨਿਵੇਸ਼ ਕੀਤਾ ਜਾਵੇਗਾ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਐਂਡੀ ਜੇਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਇਹ ਐਲਾਨ ਕੀਤਾ। ਐਮੇਜ਼ੋਨ ਵੱਲੋਂ 2026 ਤੋਂ 2030 ਦਰਮਿਆਨ ਭਾਰਤ ’ਚ ਹੁਣ 48 ਅਰਬ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।
ਜੇਸੀ ਨੇ ਭਾਰਤ ਪ੍ਰਤੀ ਲੰਮੇ ਸਮੇਂ ਦੀ ਯੋਜਨਾ ਤਹਿਤ ਕੰਪਨੀ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਭਾਰਤ ਨੂੰ ਕੰਪਨੀ ਲਈ ਦੁਨੀਆ ਦੇ ਸਭ ਤੋਂ ਅਹਿਮ ਵਿਕਸਤ ਬਾਜ਼ਾਰਾਂ ’ਚੋਂ ਇਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਈ-ਕਾਮਰਸ ਅਤੇ ਕਲਾਊਡ ਕੰਪਿਊਟਿੰਗ ਇਕਾਈ ਅਮੇਜ਼ਨ ਵੈੱਬ ਸਰਵਿਸਿਜ਼ ’ਚ ਗਾਹਕਾਂ ਦੀ ਮਜ਼ਬੂਤ ਮੰਗ ਕਾਰਨ ਭਾਰਤ ’ਚ ਐਮੇਜ਼ੋਨ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਆਲਮੀ ਤਕਨਾਲੋਜੀ ਕੰਪਨੀਆਂ ਭਾਰਤ ਦੇ ਵਧਦੇ ਡਿਜੀਟਲ ਅਰਥਚਾਰੇ, ਵਿਸਥਾਰਤ ਖ਼ਪਤਕਾਰ ਆਧਾਰ ਅਤੇ ਕਲਾਊਡ ਤੇ ਏ ਆਈ ਸੇਵਾਵਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਨਿਵੇਸ਼ ਵਧਾ ਰਹੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਕਿਹਾ, ‘‘ਐਂਡੀ ਜੇਸੀ ਨਾਲ ਵਧੀਆ ਮੀਟਿੰਗ ਹੋਈ। ਮੈਂ ਭਾਰਤ ’ਚ ਐਮੇਜ਼ੋਨ ਦੇ ਰਿਕਾਰਡ 48 ਅਰਬ ਡਾਲਰ ਦੇ ਨਿਵੇਸ਼ ਦਾ ਸਵਾਗਤ ਕਰਦਾ ਹਾਂ। ਇਸ ਨਾਲ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ।’’ ਉਨ੍ਹਾਂ ਕਿਹਾ ਕਿ ਇਹ ਦੁਨੀਆ ਭਰ ’ਚ ਭਾਰਤ ’ਚ ਨਿਵੇਸ਼ ਨੂੰ ਲੈ ਕੇ ਵਧਦੀ ਦਿਲਚਸਪੀ ਨੂੰ ਵੀ ਦਰਸਾਉਂਦਾ ਹੈ। ਜੇਸੀ ਨੇ ਵੀ ‘ਐਕਸ’ ’ਤੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਕਿਹਾ ਕਿ ਭਾਰਤ ’ਚ ਐਮੇਜ਼ੋਨ ਦੇ ਭਵਿੱਖ ਨੂੰ ਲੈ ਕੇ ਹੋਈ ਚਰਚਾ ਬੇਹੱਦ ਲਾਭਕਾਰੀ ਰਹੀ।
