ਨਵੀਂ ਦਿੱਲੀ: ਭਾਰਤੀ ਏਅਰਟੈੱਲ ਨੇ ਅੱਜ ਤੋਂ ਅੱਠ ਸ਼ਹਿਰਾਂ ਵਿੱਚ 5ਜੀ ਪਲੱਸ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਟੈਲੀਕਾਮ ਕੰਪਨੀ ਨੇ ਕਿਹਾ ਕਿ ਉਸ ਦੇ ਵਰਤੋਕਾਰਾਂ ਨੂੰ ਇਨ੍ਹਾਂ ਨਵੀਆਂ ਸੇਵਾਵਾਂ ਦਾ ਲਾਹਾ ਲੈਣ ਲਈ ਸਿਮ ਕਾਰਡ ਬਦਲਣ ਦੀ ਲੋੜ ਨਹੀਂ ਪਏਗੀ ਤੇ ਮੌਜੂਦਾ ਏਅਰਟੈੱਲ 4ਜੀ ਸਿਮ 5ਜੀ-ਸਮਰੱਥ ਹੈ। ਕੰਪਨੀ ਨੇ ਇਕ ਬਿਆਨ ਵਿੱਚ ਕਿਹਾ ਕਿ ਦਿੱਲੀ, ਮੁੰਬਈ, ਚੇਨੱਈ, ਬੰਗਲੂਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਤੇ ਵਾਰਾਨਸੀ ਦੇ ਗਾਹਕ ਪੜਾਅਵਾਰ ਢੰਗ ਨਾਲ ਏਅਰਟੈੱਲ ਦੀਆਂ 5ਜੀ ਸੇਵਾਵਾਂ ਦਾ ਆਨੰਦ ਲੈਣਾ ਸ਼ੁਰੂ ਕਰਨਗੇ। ਕੰਪਨੀ ਨੇ ਕਿਹਾ ਕਿ 5ਜੀ ਸੇਵਾਵਾਂ ਲਈ ਨੈੱਟਵਰਕ ਦੀ ਉਸਾਰੀ ਦਾ ਕੰਮ ਜਾਰੀ ਹੈ ਤੇ ਜਲਦੀ ਹੀ ਪੂਰੇ ਦੇਸ਼ ਵਿੱਚ ਸੇਵਾਵਾਂ ਚਾਲੂ ਹੋ ਜਾਣਗੀਆਂ। -ਪੀਟੀਆਈ