New Mumbai ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਵਾਲੀ ਪਹਿਲੀ ਏਅਰਲਾਈਨ ਬਣੀ 'Air India Express'
ਏਅਰ ਇੰਡੀਆ ਐਕਸਪ੍ਰੈਸ ਨੇ ਐਤਵਾਰ ਨੂੰ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਅਤੇ ਅਬੂ ਧਾਬੀ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਮਹਾਰਾਸ਼ਟਰ ਦੇ ਇਸ ਸਭ ਤੋਂ ਨਵੇਂ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਸੰਚਾਲਨ ਸ਼ੁਰੂ ਕਰਨ ਵਾਲੀ ਪਹਿਲੀ...
ਏਅਰ ਇੰਡੀਆ ਐਕਸਪ੍ਰੈਸ ਨੇ ਐਤਵਾਰ ਨੂੰ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਅਤੇ ਅਬੂ ਧਾਬੀ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਮਹਾਰਾਸ਼ਟਰ ਦੇ ਇਸ ਸਭ ਤੋਂ ਨਵੇਂ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਸੰਚਾਲਨ ਸ਼ੁਰੂ ਕਰਨ ਵਾਲੀ ਪਹਿਲੀ ਏਅਰਲਾਈਨ ਬਣ ਗਈ ਹੈ। ਇਹ ਕਦਮ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਈ ਇੱਕ ਵੱਡੀ ਉਪਲੱਬਧੀ ਹੈ ਅਤੇ ਇਸ ਨਾਲ ਮੁੰਬਈ ਮੈਟਰੋਪੋਲੀਟਨ ਰੀਜਨ (MMR) ਅਤੇ ਸੰਯੁਕਤ ਅਰਬ ਅਮੀਰਾਤ (UAE) ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤੀ ਮਿਲੇਗੀ, ਜੋ ਕਿ ਭਾਰਤੀ ਯਾਤਰੀਆਂ ਲਈ ਸਭ ਤੋਂ ਵਿਅਸਤ ਹਵਾਈ ਰੂਟਾਂ ਵਿੱਚੋਂ ਇੱਕ ਹੈ। ਏਅਰਲਾਈਨ ਮੁਤਾਬਕ ਨਵੀਂ ਮੁੰਬਈ-ਅਬੂ ਧਾਬੀ ਰੂਟ 'ਤੇ ਉਡਾਣਾਂ 15 ਜੁਲਾਈ ਤੋਂ ਸ਼ੁਰੂ ਹੋਣਗੀਆਂ, ਜੋ ਸ਼ੁਰੂਆਤ ਵਿੱਚ ਹਫ਼ਤੇ ਵਿੱਚ ਦੋ ਵਾਰ ਚੱਲਣਗੀਆਂ ਅਤੇ ਫਿਰ 29 ਜੁਲਾਈ ਤੋਂ ਇਨ੍ਹਾਂ ਨੂੰ ਵਧਾ ਕੇ ਹਫ਼ਤੇ ਵਿੱਚ ਤਿੰਨ ਦਿਨ (ਐਤਵਾਰ ਸਮੇਤ) ਕਰ ਦਿੱਤਾ ਜਾਵੇਗਾ।
ਇਸ ਨਾਲ ਮੁੰਬਈ, ਨਵੀਂ ਮੁੰਬਈ, ਠਾਣੇ, ਰਾਏਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਯੂਏਈ (UAE) ਜਾਣ ਲਈ ਇੱਕ ਦੂਜਾ ਅੰਤਰਰਾਸ਼ਟਰੀ ਗੇਟਵੇਅ ਮਿਲੇਗਾ, ਜਿਸ ਨਾਲ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ 'ਤੇ ਭੀੜ ਦਾ ਦਬਾਅ ਘੱਟ ਹੋਵੇਗਾ ਅਤੇ ਕਾਰੋਬਾਰੀ ਤੇ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਨਵੇਂ ਰੂਟ ਲਈ ਬੁਕਿੰਗ ਏਅਰਲਾਈਨ ਦੀ ਵੈੱਬਸਾਈਟ, ਮੋਬਾਈਲ ਐਪ ਅਤੇ ਹੋਰ ਪਲੇਟਫਾਰਮਾਂ 'ਤੇ ਸ਼ੁਰੂ ਹੋ ਚੁੱਕੀ ਹੈ। ਇਸ ਨਵੀਂ ਅੰਤਰਰਾਸ਼ਟਰੀ ਸੇਵਾ ਦੇ ਸ਼ੁਰੂ ਹੋਣ ਨਾਲ, ਏਅਰ ਇੰਡੀਆ ਐਕਸਪ੍ਰੈਸ ਹੁਣ ਇਸ ਹਵਾਈ ਅੱਡੇ ਤੋਂ ਹਫ਼ਤੇ ਵਿੱਚ 30 ਉਡਾਣਾਂ ਦਾ ਸੰਚਾਲਨ ਕਰੇਗੀ, ਜੋ ਯਾਤਰੀਆਂ ਨੂੰ ਸਿੱਧੇ ਅਬੂ ਧਾਬੀ, ਦਿੱਲੀ ਅਤੇ ਬੰਗਲੁਰੂ ਨਾਲ ਜੋੜਨਗੀਆਂ।
ਏਅਰ ਇੰਡੀਆ ਐਕਸਪ੍ਰੈਸ ਮਹਾਰਾਸ਼ਟਰ ਵਿੱਚ ਲਗਾਤਾਰ ਆਪਣਾ ਵਿਸਥਾਰ ਕਰ ਰਹੀ ਹੈ। ਕੰਪਨੀ ਮੁੰਬਈ ਤੋਂ ਹਫ਼ਤੇ ਵਿੱਚ 95 ਤੋਂ ਵੱਧ, ਪੁਣੇ ਤੋਂ 100 ਤੋਂ ਵੱਧ ਅਤੇ ਨਾਗਪੁਰ ਤੋਂ 14 ਹਫ਼ਤਾਵਾਰੀ ਉਡਾਣਾਂ ਚਲਾਉਂਦੀ ਹੈ। ਇਹ ਏਅਰਲਾਈਨ ਪਹਿਲਾਂ ਹੀ ਭਾਰਤ ਅਤੇ ਪੱਛਮੀ ਏਸ਼ੀਆ (ਯੂਏਈ, ਸਾਊਦੀ ਅਰਬ, ਕਤਰ, ਓਮਾਨ, ਕੁਵੈਤ ਅਤੇ ਬਹਿਰੀਨ) ਨੂੰ ਜੋੜਨ ਵਾਲਾ ਇੱਕ ਵੱਡਾ ਨੈੱਟਵਰਕ ਚਲਾ ਰਹੀ ਹੈ। ਇਹ ਐਲਾਨ ਏਅਰਲਾਈਨ ਦੀ ਮਸ਼ਹੂਰ ਬ੍ਰਾਂਡ ਮੁਹਿੰਮ 'ਐਕਸਪ੍ਰੈਸ ਵਾਲੀ ਬਾਤ ਹੈ' (Xpress Wali Baat Hai) ਦੇ ਵਿਚਕਾਰ ਆਇਆ ਹੈ, ਜਿਸ ਵਿੱਚ ਅਦਾਕਾਰ ਪੰਕਜ ਤ੍ਰਿਪਾਠੀ ਸ਼ਾਮਲ ਹਨ। ਇਹ ਮੁਹਿੰਮ ਕਿਫ਼ਾਇਤੀ ਸਫ਼ਰ, ਗਰਮ ਖਾਣੇ, ਯਾਤਰੀਆਂ ਦੇ ਆਰਾਮ ਅਤੇ ਘਰੇਲੂ ਤੇ ਅੰਤਰਰਾਸ਼ਟਰੀ ਕਨੈਕਟੀਵਿਟੀ ਦੇ ਵਿਸਥਾਰ 'ਤੇ ਕੇਂਦਰਿਤ ਹੈ।

