ਇਨਸਾਫ਼ ਨੂੰ ਤਰਸ ਰਹੀਆਂ ਨੇ ਔਰਤਾਂ

ਇਨਸਾਫ਼ ਨੂੰ ਤਰਸ ਰਹੀਆਂ ਨੇ ਔਰਤਾਂ

ਪਿੰਡ ਹਰੀਕੇ ਕਲਾਂ ਦੀ ਵਸਨੀਕ ਗੁਰਪ੍ਰੀਤ ਕੌਰ ਆਪਣੀ ਬੇਟੀ ਨਾਲ।

ਸ਼ਗਨ ਕਟਾਰੀਆ 
ਬਠਿੰਡਾ, 7 ਅਗਸਤ

ਆਰਥਿਕ ਤੇ ਮਾਨਸਿਕ ਪੀੜ ਹੰਢਾਅ ਰਹੀਆਂ ਦੋ ਮਹਿਲਾਵਾਂ ਲਈ ਦੋ ਨਾਰੀ ਸੰਗਠਨ ਢਾਲ ਬਣੇ ਹਨ। ਇਤਫ਼ਾਕਨ ਦੋਹਾਂ ਪੀੜਤਾਂ ਦਾ ਨਾਂਅ ਗੁਰਪ੍ਰੀਤ ਕੌਰ ਹੈ। ਇਕ ਗੁਰਪ੍ਰੀਤ ਫ਼ਾਜ਼ਲਿਕਾ ਜ਼ਿਲ੍ਹੇ ਦੇ ਪਿੰਡ ਇਸਲਾਮ ਵਾਲਾ ਅਤੇ ਦੂਜੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਨਾਲ ਸਬੰਧਤ ਹੈ।

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਅਤੇ ਵੂਮੈੱਨ ਐਂਡ ਚਾਈਲਡ ਕੇਅਰ ਟਰੱਸਟ ਦੀਆਂ ਆਗੂ ਮਹਿਲਾਵਾਂ ਹਰਗੋਬਿੰਦ ਕੌਰ ਤੇ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਇਸਲਾਮ ਵਾਲਾ ਦੀ ਗੁਰਪ੍ਰੀਤ ਕੌਰ ਆਂਗਣਵਾੜੀ ਵਰਕਰ ਹੈ। ਉਸਦੇ ਪਰਿਵਾਰ ਦਾ ਗੁਆਂਢੀਆਂ ਨਾਲ ਮਤਭੇਦ ਗਲੀ ’ਚੋਂ ਘਰ ਦੇ ਪਾਣੀ ਦੀ ਨਿਕਾਸੀ ਰੋਕ ਕੇ ਸਰਕਾਰੀ ਗਲੀ ’ਤੇ ਕਬਜ਼ਾ ਤੋਂ ਹੈ। ਉਸ ਨੇ ਨਿਆਂ ਲਈ ਪੰਚਾਇਤ ਤੋਂ ਲੈ ਕੇ ਪੁਲੀਸ ਪ੍ਰਸ਼ਾਸਨ ਤੱਕ ਹਰ ਪੱਧਰ ’ਤੇ ਗੱਲ ਰੱਖੀ ਪਰ ਕਿਤੇ ਸੁਣਵਾਈ ਨਹੀਂ ਹੋਈ। ਉਲਟਾ ਕਥਿਤ ਰਾਜਨੀਤਕ ਪਹੁੰਚ ਸਦਕਾ ਗੁਆਂਢੀਆਂ ਨੇ ਗੁਰਪ੍ਰੀਤ ਤੇ ਉਸਦੇ ਪਰਿਵਾਰ ’ਤੇ ਪਰਚਾ ਕਰਵਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਸਿਆਸੀ ਦਬਾਅ ਹੇਠ ਹੈ। ਜਥੇਬੰਦੀ ਨੇ ਵਿਧਾਇਕ ਰਾਮਿੰਦਰ ਆਂਵਲਾ ਨੂੰ ਮਿਲ ਕੇ ਨਿਆਂ ਦਿਵਾਉਣ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਦੂਜਾ ਮਾਮਲਾ ਪਿੰਡ ਹਰੀਕੇ ਕਲਾਂ ਦੀ ਵਿਧਵਾ ਗੁਰਪ੍ਰੀਤ ਕੌਰ (36) ਦਾ ਹੈ। ਇਸਦੀ 10 ਕੁ ਸਾਲ ਦੀ ਬੇਟੀ ਹੈ, ਪਤੀ ਪੰਜ ਸਾਲ ਪਹਿਲਾਂ ਕਥਿਤ ਚਿੱਟੇ ਦੀ ਭੇਟ ਚੜ੍ਹ ਗਿਆ ਸੀ। ਪਤੀ ਦੀ ਮੌਤ ਤੋਂ ਪਹਿਲਾਂ ਹੀ ਦੋਵੇਂ ਜੀਅ ਪਰਿਵਾਰ ਤੋਂ ਅਲਹਿਦਾ ਰਹਿੰਦੇ ਸਨ। ਪਤੀ ਹਿੱਸੇ 16 ਏਕੜ ਜ਼ਮੀਨ ਆਉਂਦੀ ਸੀ। ਗੁਰਪ੍ਰੀਤ ਦੇ ਪਤੀ ਦੇ ਨਾਂ ਸਿਰਫ 3 ਏਕੜ ਜ਼ਮੀਨ ਚੜ੍ਹੀ ਸੀ, ਇਸ ’ਚੋਂ 2 ਏਕੜ ਗੁਰਪ੍ਰੀਤ ਅਤੇ ਉਸ ਦੀ ਬੇਟੀ ਦੇ ਨਾਮ ਚੜ੍ਹ ਗਈ। ਬਾਕੀ ਜ਼ਮੀਨ ਤੇ ਕਥਿਤ ਸਹੁਰਾ ਪਰਿਵਾਰ ਕਾਬਜ਼ ਹੋ ਗਿਆ। ਲੰਘੇ ਫਰਵਰੀ ਮਹੀਨੇ ਸਹੁਰਾ ਪਰਿਵਾਰ ਨੇ ਕੁੱਟਮਾਰ ਕਰਕੇ ਗੁਰਪ੍ਰੀਤ ਨੂੰ ‘ਘਰੋਂ ਕੱਢਣ’ ਦੀ ਕੋਸ਼ਿਸ਼ ਕੀਤੀ। ਆਗੂਆਂ ਅਨੁਸਾਰ ਗੁਰਪ੍ਰੀਤ ਕੌਰ ਨੇ ਮਦਦ ਲਈ ਉਨ੍ਹਾਂ ਤੱਕ ਪਹੁੰਚ ਕੀਤੀ। ਉਨ੍ਹਾਂ ਨਿਆਂ ਪ੍ਰਾਪਤੀ ਲਈ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਰਖ਼ਾਸਤ ਦਿੱਤੀ ਪਰ ਹਾਲੇ ਤੱਕ ਕਥਿਤ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ’ਤੇ ਅਜੇ ਵੀ ਘਰੇਲੂ ਹਿੰਸਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਨੂੰ ਮਿਲ ਕੇ ਇਨਸਾਫ਼ ਪ੍ਰਾਪਤੀ ਦੀ ਮੰਗ ਕੀਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All