ਸਰਬਜੀਤ ਸਾਗਰ
ਦੀਨਾਨਗਰ, 31 ਜੁਲਾਈ
ਪਿੰਡ ਰਸੂਲਪੁਰ ਟਿੱਬਾ ਵਿੱਚ ਮਿਸਤਰੀ ਦੇ ਘਰ ਦੀ ਛੱਤ ਮੀਂਹ ਕਾਰਨ ਡਿੱਗ ਪਈ ਹੈ। ਛੱਤ ਦੇ ਹੇਠਾਂ ਆਉਣ ਕਾਰਨ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਉਸ ਦੇ ਸਿਰ ਵਿੱਚ ਡਾਕਟਰਾਂ ਨੇ ਟਾਂਕੇ ਲਗਾਏ ਹਨ। ਪਰਿਵਾਰ ਮੁਖੀ ਬਲਦੇਵ ਰਾਜ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਗਰੀਬ ਹੋਣ ਕਾਰਨ ਉਸ ਦਾ ਘਰ ਕੱਚਾ ਹੈ। ਬੀਤੇ ਕੱਲ੍ਹ ਤੇਜ਼ ਬਾਰਸ਼ ਕਾਰਨ ਕਮਰੇ ਦੀ ਕੱਚੀ ਛੱਤ ਡਿੱਗ ਗਈ ਅਤੇ ਪਤਨੀ ਰਿੰਪੀ ਦੇਵੀ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਦਾ ਬਜ਼ੁਰਗ ਪਿਤਾ ਰਾਮ ਲਾਲ ਵੀ ਕਮਰੇ ਅੰਦਰ ਸੁੱਤਾ ਪਿਆ ਸੀ ਜਿਸ ਦਾ ਬਚਾਅ ਬੜੀ ਮੁਸ਼ਕਿਲ ਨਾਲ ਹੋਇਆ। ਛੱਤ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਬਜ਼ੁਰਗ ਮਾਤਾ ਵੀ ਕਮਰੇ ’ਚੋਂ ਬਾਹਰ ਨਿਕਲੇ ਹੀ ਸਨ। ਉਨ੍ਹਾਂ ਦੱਸਿਆ ਕਿ ਘਰ ਵਿੱਚ ਕੁੱਲ ਤਿੰਨ ਕਮਰੇ ਹਨ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਬਾਕੀ ਲੋਕਾਂ ਵਾਂਗ ਉਸ ਦਾ ਕੰਮ ਵੀ ਠੱਪ ਪਿਆ ਹੈ ਅਤੇ ਇੱਕਾ-ਦੁੱਕਾ ਦਿਹਾੜੀਆਂ ਲੱਗਣ ਨਾਲ ਸਿਰਫ਼ ਪਰਿਵਾਰ ਦਾ ਗੁਜ਼ਾਰਾ ਹੀ ਮੁਸ਼ਕਿਲ ਨਾਲ ਚੱਲਦਾ ਹੈ। ਇਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਕੋਲੋਂ ਕੱਚੇ ਕਮਰੇ ਨੂੰ ਪੱਕਾ ਕਰਨ ਲਈ ਵਿੱਤੀ ਸਹਾਇਤਾ ਦੀ ਮੰਗ ਕਰਦੇ ਹਨ।