ਪੱਤਰ ਪੇ੍ਰਕ
ਬਠਿੰਡਾ, 6 ਮਈ
ਇਥੇ ਮਾਰਕੀਟ ਕਮੇਟੀ ਦੇ ਕਰਮਚਾਰੀ ਸਪੀਕਰ ਰਾਹੀਂ ਮੁਨਾਦੀ ਕਰਵਾ ਰਹੇ ਹਨ ਕਿ 7 ਮਈ ਤੋਂ ਬਾਅਦ ਜ਼ਿਲ੍ਹੇ ਮੁੱਖ ਯਾਰਡ ਵਿਚ ਕਣਕ ਖ਼ਰੀਦ ਕੀਤੀ ਜਾਵੇਗੀ ਅਤੇ ਪਿੰਡਾਂ ਦੇ ਜਿਣਸ ਕੇਂਦਰ ’ਚ ਕਣਕ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ। ਮੰਡੀ ਬੋਰਡ ਦੇ ਇਸ ਫੈਸਲੇ ਨੂੰ ਕਿਸਾਨ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨਾਲ ਜੋੜ ਕੇ ਦੇਖ ਰਹੇ ਹਨ। ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਵੱਲੋਂ ਜਾਰੀ ਪੱਤਰ ਵਿਚ ਮੰਡੀ ਬੋਰਡ ਦੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਸੂਚਿਤ ਕੀਤਾ ਹੈ ਜਿਸ ਤਹਿਤ ਲੁਧਿਆਣਾ, ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ ਅਤੇ ਮੁਹਾਲੀ ਦੇ ਖ਼ਰੀਦ ਕੇਂਦਰਾਂ ਵਿਚ 4 ਮਈ ਤੱਕ, ਮੋਗਾ, ਤਰਨਤਾਰਨ ਦੇ ਖ਼ਰੀਦ ਕੇਂਦਰਾਂ ਵਿਚ 5 ਮਈ ਤੱਕ, ਬਠਿੰਡਾ 6 ਮਈ, ਮਾਨਸਾ, ਬਰਨਾਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਵਿਚ 7 ਮਈ ਤੱਕ ਅਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚ 8 ਮਈ ਤੱਕ ਕਣਕ ਦੀ ਖ਼ਰੀਦ ਬੰਦ ਕਰ ਕੇ ਸਿਰਫ਼ ਸ਼ਹਿਰਾਂ ਦੀਆਂ ਅਨਾਜ ਮੰਡੀਆਂ ਵਿਚ ਖ਼ਰੀਦ ਕਰਨ ਦਾ ਫ਼ੁਰਮਾਨ ਜਾਰੀ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਨੇ ਪੰਜਾਬ ਮੰਡੀ ਬੋਰਡ ਦੇ ਇਸ ਨਾਦਰਸ਼ਾਹੀ ਫ਼ਰਮਾਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਪਹਿਲਾਂ ਹੀ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚ ਦੇਰੀ ਨਾਲ ਖ਼ਰੀਦ ਸ਼ੁਰੂ ਹੋਈ ਹੈ, ਜਿਸ ਕਰ ਕੇ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਘਰਾਂ ਵਿਚ ਰੱਖਣੀ ਪਈ। ਕਿਸਾਨਾਂ ਦਾ ਕਹਿਣਾ ਹੈ ਕਿ ਖ਼ਰੀਦ ਲੇਟ ਸ਼ੁਰੂ ਹੋਣ ਕਾਰਨ ਕਣਕ ਹਾਲੇ 30 ਫ਼ੀਸਦੀ ਵੇਚਣ ਵਾਲੀ ਪਈ ਹੈ। ਪਿੰਡ ਮਹਿਮਾ ਸਰਜਾ ਦੇ ਕਿਸਾਨ ਗੁਰਦੀਪ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਦੇ ਇਸ ਫ਼ਰਮਾਨ ਨਾਲ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਆਪਣੀ ਕਣਕ ਵੇਚਣ ਲਈ ਸ਼ਹਿਰਾਂ ਦੀਆਂ ਅਨਾਜ ਮੰਡੀਆਂ ਵਿਚ ਖੱਜਲ ਖ਼ੁਆਰ ਹੋਣਾ ਪਵੇਗਾ ਅਤੇ ਸ਼ਹਿਰਾਂ ਵਿਚ ਕਰੋਨਾਂ ਮਹਾਂਮਾਰੀ ਦੀ ਚਪੇਟ ਵਿਚ ਆਉਣ ਦਾ ਕਿਸਾਨਾਂ ਨੂੰ ਖ਼ਤਰਾ ਹੈ।
ਕੀ ਕਹਿੰਦੇ ਨੇ ਮੰਡੀ ਬੋਰਡ ਦੇ ਸੁਪਰਡੈਂਟ
ਜ਼ਿਲ੍ਹਾ ਮੰਡੀ ਬੋਰਡ ਦੇ ਸੁਪਰਡੈਂਟ ਦਾਰਾ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ ਅੰਦਰ ਸਪੀਕਰਾਂ ਰਾਹੀ ਮੁਨਾਦੀ ਕਰਵਾਈ ਗਈ ਹੈ ਕਿ ਕਿਸਾਨ ਦੀ ਕਣਕ 7 ਮਈ ਤੱਕ ਹੀ ਖ਼ਰੀਦ ਜਾਵੇਗੀ ਇਸ ਤੋਂ ਬਾਅਦ ਕਿਸਾਨ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਵਿਚ ਹੀ ਕਣਕ ਵੇਚ ਸਕਣਗੇ।