ਸ਼ਗਨ ਕਟਾਰੀਆ
ਬਠਿੰਡਾ, 7 ਮਈ
ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਅੱਜ ਬੀਡੀਏ ਬਠਿੰਡਾ ਦੇ ਕਲਰਕ ਜਗਮੀਤ ਸਿੰਘ ਨੂੰ ਕਥਿਤ ਤਿੰਨ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ।
ਐਸਐਸਪੀ (ਵਿਜੀਲੈਂਸ ਬਿਊਰੋ) ਰੇਂਜ ਬਠਿੰਡਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੀਵ ਕੁਮਾਰ ਵਾਸੀ ਮਾਡਲ ਟਾਊਨ ਫੇਸ-1 ਬਠਿੰਡਾ ਨੇ ਵਿਜੀਲੈਂਸ ਬਿਊਰੋ ਬਠਿੰਡਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਹਾਊਸਿੰਗ ਬੋਰਡ ਕਾਲੋਨੀ ਫੇਸ-1 ਵਿਚ ਐਲਆਈਜੀ ਕੁਆਰਟਰ ’ਤੇ ਘਰੇਲੂ ਜ਼ਰੂਰਤ ਕਾਰਨ ਸਟੇਟ ਬੈਂਕ ਆਫ ਇੰਡੀਆ ਕੋਲੋਂ ਕਰਜ਼ਾ ਲੈਣਾ ਸੀ। ਬੈਂਕ ਦੇ ਲੀਗਲ ਐਡਵਾਈਜ਼ਰ ਨੇ ਮਾਲਕੀ ਤਬਦੀਲ ਦੇ ਸਰਟੀਫਿਕੇਟ ਦੀ ਮੰਗ ਕੀਤੀ। ਉਸ ਨੇ ਮਿਤੀ 26 ਮਾਰਚ 2021 ਨੂੰ ਬੀਡੀਏ ਦਫ਼ਤਰ ਬਠਿੰਡਾ ਵਿਚ ਸਰਟੀਫਿਕੇਟ ਲੈਣ ਲਈ ਦਰਖ਼ਾਸਤ ਦਿੱਤੀ। ਕਰੀਬ 10-12 ਦਿਨਾਂ ਬਾਅਦ ਕਲਰਕ ਜਗਮੀਤ ਸਿੰਘ ਨੇ ਉਸ ਨੂੰ ਫੋਨ ਰਾਹੀਂ ਦੱਸਿਆ ਕਿ ਦਰਖ਼ਾਸਤ ਸਬੰਧੀ ਦਸਤਾਵੇਜ਼ ਅਧੂਰੇ ਹਨ ਤੇ ਉਸ ਨੂੰ ਅਸਲ ਰਜਿਸਟਰੀ ਲਿਆਉਣ ਲਈ ਵੀ ਕਿਹਾ। ਅਸਲ ਰਜਿਸਟਰੀ ਦਿਖਾਉਣ ’ਤੇ ਵੀ ਜਗਮੀਤ ਸਿੰਘ ਨੇ ਕਿਹਾ ਕਿ ਦਸਤਾਵੇਜ਼ ਅਧੂਰੇ ਹੋਣ ਕਾਰਨ ਇਹ ਕੰਮ ਨਹੀ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇ 5000 ਰੁਪਏ ਦੇ ਦੇਵੋਗੇ ਤਾਂ ਉਹ ਸਰਟੀਫਿਕੇਟ ਤਿਆਰ ਕਰਵਾ ਕੇ ਦੇ ਦੇਵੇਗਾ। ਸ੍ਰੀ ਭਾਰਗਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਸ਼ਿਕਾਇਤਕਰਤਾ ਨੇ ਮਜ਼ਬੂਰੀਵੱਸ ਉਸ ਨੂੰ 1500 ਰੁਪਏ ਬਤੌਰ ਰਿਸ਼ਵਤ ਦੇ ਦਿੱਤੇ। ਮੁਲਜ਼ਮ ਨੇ ਉਸ ਤੋਂ 3500 ਰੁਪਏ ਹੋਰ ਦੇਣ ’ਤੇ ਹੀ ਸਰਟੀਫਿਕੇਟ ਦੇਣ ਦੀ ਗੱਲ ਕੀਤੀ ਤੇ ਦੋਵਾਂ ਵਿਚ 3000 ਰੁਪਏ ’ਤੇ ਸਹਿਮਤੀ ਹੋ ਗਈ। ਅੱਜ ਸਰਕਾਰੀ ਗਵਾਹ ਬਾਗ਼ਬਾਨੀ ਵਿਕਾਸ ਅਫ਼ਸਰਾਂ ਗੁਰਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਦੀ ਹਾਜ਼ਰੀ ਵਿੱਚ ਡੀਐਸਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਜਗਮੀਤ ਸਿੰਘ ਨੂੰ ਹੱਥੀਂ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ।