
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਫਰਵਰੀ
ਸੀਆਈਏ ਸਟਾਫ-2 ਬਠਿੰਡਾ ਨੇ ਦੋ ਜਣਿਆਂ ਨੂੰ 10 ਨਾਜਾਇਜ਼ ਹਥਿਆਰਾਂ ਤੇ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ’ਚ ਥਾਣਾ ਥਰਮਲ ਬਠਿੰਡਾ ’ਚ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਐੱਸਐੱਸਪੀ ਬਠਿੰਡਾ ਜੇ. ਏਲਨਚੇਲੀਅਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਹਰਮੀਤ ਸਿੰਘ ਉਰਫ਼ ਮੀਤਾ ਵਾਸੀ ਪਿੰਡ ਹਾਟ ਜ਼ਿਲ੍ਹਾ ਜੀਂਦ (ਹਰਿਆਣਾ) ਅਤੇ ਅੰਮ੍ਰਿਤਪਾਲ ਸਿੰਘ ਪਿੰਡ ਬਾਜਾ ਮਰਾੜ੍ਹ (ਸ੍ਰੀ ਮੁਕਤਸਰ ਸਾਹਿਬ) ਹੈ। ਅਧਿਕਾਰੀ ਅਨੁਸਾਰ ਇਨ੍ਹਾਂ ਕੋਲੋਂ 10 ਪਿਸਤੌਲ, 39 ਕਾਰਤੂਸਾਂ ਤੋਂ ਇਲਾਵਾ ਇੱਕ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਅਸਲਾ ਮੱਧ ਪ੍ਰਦੇਸ਼ ’ਚੋਂ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਇੱਕ ਅੰਤਰਰਾਜੀ ਅਸਲਾ ਸਪਲਾਈ ਕਰਨ ਵਾਲਾ ਗਰੋਹ ਹੈ। ਮੁਲਜ਼ਮ ਬਾਹਰਲੇ ਸੂਬਿਆਂ ਤੋਂ ਅਸਲਾ ਲਿਆ ਕਿ ਪੰਜਾਬ ਵਿੱਚ ਸਪਲਾਈ ਕਰਨ ਦੀ ਤਾਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ 6 ਫਰਵਰੀ ਤੱਕ ਪੁਲੀਸ ਰਿਮਾਂਡ ’ਤੇ ਲੈ ਕੇ ਸੀਆਈਏ ਸਟਾਫ ਵਿੱਚ ਪੜਤਾਲ ਕੀਤੀ ਜਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ