ਪੱਤਰ ਪ੍ਰੇਰਕ
ਬਠਿੰਡਾ, 10 ਅਗਸਤ
ਬਠਿੰਡਾ ਵਿੱਚ ਅੱਜ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਯੂਥ ਆਗੂ ਦੀਨਵ ਸਿੰਗਲਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ। ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਚੱਲੇ ਕਾਫਲੇ ਨੇ ਤਿਰੰਗਾ ਝੰਡਾ ਲਹਿਰਾ ਕੇ ਏਕਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਘਰਾਂ ’ਤੇ ਤਿਰੰਗੇ ਲਹਿਰਾ ਕੇ ਆਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮਮਦੋਟ (ਪੱਤਰ ਪ੍ਰੇਰਕ); ‘ਹਰ ਘਰ ਤਿਰੰਗਾ’ ਲਹਿਰਾਉਣ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਲਈ ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਕੁੱਲ ਦੀ ਅਗਵਾਈ ਹੇਠ ਅੱਜ ਸਰਹੱਦੀ ਕਸਬਾ ਮਮਦੋਟ ਦੇ ਬੱਸ ਅੱਡੇ ਤੋ ਸਥਾਨਕ ਬਾਜ਼ਾਰਾਂ ਵਿੱਚ ਤਿਰੰਗਾ ਮਾਰਚ ਕੀਤਾ ਗਿਆ। ਮਾਰਚ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਆਦਿ ਹਾਜ਼ਰ ਸਨ।