ਕਿਸਾਨ ਯੂਨੀਅਨ ਦੇ ਇਕੱਠ ’ਚ ਵਹੀਰਾਂ ਘੱਤ ਕੇ ਪੁੱਜਣ ਲੱਗੇ ਨੌਜਵਾਨ

ਕਿਸਾਨ ਯੂਨੀਅਨ ਦੇ ਇਕੱਠ ’ਚ ਵਹੀਰਾਂ ਘੱਤ ਕੇ ਪੁੱਜਣ ਲੱਗੇ ਨੌਜਵਾਨ

ਬਾਦਲ ਧਰਨੇ ’ਚ ਸ਼ਮੂਲੀਅਤ ਕਰਦੇ ਹੋਏ ਨੌਜਵਾਨ। -ਫੋਟੋ:ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਬਠਿੰਡਾ, 21 ਸਤੰਬਰ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਦੋ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਘੋਲਾਂ ’ਚ ਹੁਣ ਕਿਸਾਨ ਯੂਨੀਅਨ ਦੇ ਬਜ਼ੁਰਗ ਕਾਡਰ ਨੂੰ ਹੁਲਾਰਾ ਦੇਣ ਲਈ ਪਿੰਡਾਂ ਵਿਚਲਾ ਨੌਜਵਾਨ ਕਾਡਰ ਵੀ ਵਹੀਰਾਂ ਘੱਤ ਕੇ ਪੁੱਜਣ ਲੱਗਾ ਹੈ।

ਮਾਲਵਾ ਦੇ ਹਰ ਦੂਜੇ ਪਿੰਡ ਵਿਚ ਕਿਸਾਨ ਯੂਨੀਅਨ ਦੇ ਝੰਡੇ ਹੇਠ ਨੌਜਵਾਨਾਂ ਦੀ ਭੀੜ ਕੇਂਦਰ ਦੀ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਪੰਜਾਬ ਦੇ ਨੌਜਵਾਨ ਆਪ ਮੁਹਾਰੇ ਜਨਤਕ ਘੋਲਾਂ ’ਚ ਆਪਣੇ ਗੀਤਾਂ ‘ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ’ ਰਾਹੀਂ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਨ। ਪਿੰਡ ਬਾਦਲ ਵਿਚ ਚੱਲ ਰਹੇ ਧਰਨੇ ’ਚ ਜਿੱਥੇ ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੇ ਮਾਈ ਭਾਗੋ ਦਾ ਰੂਪ ਧਾਰਿਆ ਹੋਇਆ ਹੈ, ਉੱਥੇ ਹੀ ਪੜ੍ਹੇ ਲਿਖੇ ਨੌਜਵਾਨਾਂ ਦੀ ਭੀੜ ਵੀ ਹੁਣ ਦੇਸ਼ ਵਿਚ ਨਿਜ਼ਾਮ ਬਦਲਣ ਦੀ ਹਾਮੀ ਭਰਨ ਲੱਗੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਰਡੀਨੈਂਸ ਵਿਰੋਧੀ ਇਕੱਠ ਵਿਚ ਪੰਜਾਬ ਦੇ ਕਲਾਕਾਰਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ, ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨਾਂ, ਖੇਤ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਸਮਰਥਨ ਦੇ ਕੇ ਝੋਕਾ ਦੇ ਰਹੇ ਹਨ। ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਕਿਸਾਨ ਪੱਖੀ ਘੋਲ ਵਿਚ ਨੌਜਵਾਨਾਂ ਦਾ ਇਕੱਠ 50 ਫ਼ੀਸਦੀ ਦੇ ਕਰੀਬ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ 25 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਵਿਚ ਪੰਜਾਬ ਦੇ ਹਰ ਦੁਕਾਨਦਾਰ ਅਤੇ ਹਰ ਵਿਅਕਤੀ ਨੂੰ ਸ਼ਾਮਲ ਹੋਣਾ ਪਵੇਗਾ ਤਾਂ ਜੋ ਗੂੰਗੀ-ਬੋਲੀ ਕੇਂਦਰ ਸਰਕਾਰ ਨੂੰ ਕੋਈ ਸੁਨੇਹਾ ਮਿਲ ਸਕੇ।

ਪੰਜਾਬ ਦੇ ਇਕ ਹੋਰ ਵੱਡੇ ਇਕੱਠ ਵਿਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਨੌਜਵਾਨਾਂ ਦੇ ਮੁਖ਼ਾਤਿਬ ਹੁੰਦਿਆਂ ਕਿਹਾ, ‘ਨੌਜਵਾਨੋਂ ਦੇਸ਼ ਨੂੰ ਜੋਕਾਂ ਤੋਂ ਮੁਕਤ ਕਰਵਾਉਣ ਲਈ ਪੰਜਾਲੀ ਆਪਣੇ ਮੋਢੇ ’ਤੇ ਰੱਖੋ ਪਰ ਹਾਲੇ ਤੁਸੀਂ ਪਰਖ ਦੀ ਘੜੀ ਵਿਚੋਂ ਗੁਜ਼ਰਨਾ ਹੈ।’ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ 31 ਜਥੇਬੰਦੀਆਂ ਦੇ ਇਕੱਠਾ ਹੋਣਾ ਸ਼ੁੱਭ ਸ਼ਗਨ ਹੈ। ਮਾਲਵੇ ਦੇ ਵੱਡੇ ਇਕੱਠ ਵਿਚ ਔਰਤ ਆਗੂ ਹਰਵਿੰਦਰ ਕੌਰ ਬਿੰਦੂ, ਹਰਜਿੰਦਰ ਬੱਗੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਬੁਲਾਰਿਆਂ ਦੇ ਭਾਸ਼ਣ ਰੋਹ ਭਰਪੂਰ ਸਨ।

ਖੇਤੀ ਬਿੱਲਾਂ ਖ਼ਿਲਾਫ਼ ਕਾਲੀਆਂ ਝੰਡੀਆਂ ਲਹਿਰਾਈਆਂ

ਸਮਾਲਸਰ (ਗੁਰਜੰਟ ਕਲਸੀ): ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ਤਹਿਤ ਪਿੰਡ ਰੋਡੇ ਵਿਚ ਕਾਲੀਆਂ ਝੰਡੀਆਂ ਲੈ ਕੇ ਕਿਸਾਨ ਵਿਰੋਧੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। 25 ਸਤੰਬਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਸੱਦੇ ਤਹਿਤ ਰੋਡੇ ਕਾਲਜ ’ਤੇ ਜਾਮ ਲਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਚਮਕੌਰ ਰੋਡੇ ਖੁਰਦ, ਬਲਕਰਨ ਵੈਰੋਕੇ, ਛਿੰਦਰਪਾਲ ਕੌਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All