ਫ਼ਰੀਦਕੋਟ ਦੇ ਰਾਜੇ ਦੀ ਸ਼ਾਹੀ ਵਸੀਅਤ ਰੱਦ

ਫ਼ਰੀਦਕੋਟ ਦੇ ਰਾਜੇ ਦੀ ਸ਼ਾਹੀ ਵਸੀਅਤ ਰੱਦ

ਫ਼ਰੀਦਕੋਟ ਰਿਆਸਤ ਦਾ ਰਾਜ ਮਹਿਲ, ਜਿਸ ਨੂੰ 1880 ’ਚ ਬਣਾਇਆ ਗਿਆ ਸੀ।

ਜਸਵੰਤ ਜੱਸ

ਫ਼ਰੀਦਕੋਟ, 1 ਜੂਨ

ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ ਤਿੰਨ ਦਹਾਕੇ ਪਹਿਲਾਂ ਫ਼ਰੀਦਕੋਟ ਰਿਆਸਤ ਦੀ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕੀ ਤੇ ਸਾਂਭ ਸੰਭਾਲ ਸਬੰਧੀ ਕੀਤੀ ਵਸੀਅਤ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਰੱਦ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਬੇਟੀ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਵਸੀਅਤ ਦੇ ਅਾਧਾਰ ’ਤੇ ਜਾਇਦਾਦ ਵਿੱਚੋਂ ਕੁਝ ਨਹੀਂ ਸੀ ਮਿਲਿਆ। ਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਮਗਰੋਂ ਅੰਮ੍ਰਿਤ ਕੌਰ ਨੇ ਵਸੀਅਤ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਸਿਵਲ ਜੱਜ ਅਤੇ ਜ਼ਿਲ੍ਹਾ ਜੱਜ ਚੰਡੀਗੜ੍ਹ ਨੇ ਵਸੀਅਤ ਰੱਦ ਕਰ ਦਿੱਤੀ ਸੀ ਜਿਸ ਖ਼ਿਲਾਫ਼ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਦੇ ਅਾਧਾਰ ’ਤੇ ਬਣਾਏ ਗਏ ਮਹਾਰਾਵਲ ਖੇਵਾ ਜੀ ਟਰੱਸਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਪੀਲ ਕੀਤੀ ਸੀ। ਇਸ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਰਾਜ ਮੋਹਨ ਸਿੰਘ ਨੇ 547 ਸਫ਼ਿਆਂ ਦੇ ਫ਼ੈਸਲੇ ’ਚ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਗ਼ੈਰਕਾਨੂੰਨੀ ਐਲਾਨਦਿਆਂ ਰਾਜਾ ਹਰਿੰਦਰ ਸਿੰਘ ਦੀ ਜਾਇਦਾਦ ਕੁਦਰਤੀ ਵਾਰਸਾਂ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਵਸੀਅਤ ਦੇ ਅਾਧਾਰ ’ਤੇ ਬਣਾਏ ਟਰੱਸਟ ਦੀ ਹੋਂਦ ਕਾਨੂੰਨੀ ਤੌਰ ’ਤੇ ਖਤਮ ਹੋ ਗਈ ਹੈ। ਹਾਲਾਂਕਿ ਟਰੱਸਟ ਨੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।

ਸੂਤਰਾਂ ਅਨੁਸਾਰ ਮਹਾਰਾਜਾ ਹਰਿੰਦਰ ਸਿੰਘ ਬਰਾੜ 1939 ਤੋਂ 1943 ਤੱਕ ਫ਼ਰੀਦਕੋਟ ਦੇ ਰਾਜਾ ਰਹੇ। 16 ਅਕਤੂਬਰ 1989 ਨੂੰ ਊਨ੍ਹਾਂ ਦੀ ਮੌਤ ਹੋ ਗਈ ਸੀ ਤੇ ਊਨ੍ਹਾਂ ਦੀਆਂ ਤਿੰਨ ਲੜਕੀਆਂ ਰਾਜਕੁਮਾਰੀ ਅੰਮ੍ਰਿਤ ਕੌਰ, ਰਾਜਕੁਮਾਰੀ ਦੀਪਇੰਦਰ ਕੌਰ ਮਹਿਤਾਬ ਅਤੇ ਰਾਜਕੁਮਾਰੀ ਮਹੀਪਇੰਦਰ ਕੌਰ ਵਾਰਸ ਬਚੀਆਂ ਸਨ। ਰਾਜਾ ਹਰਿੰਦਰ ਸਿੰਘ ਨੇ ਮੌਤ ਤੋਂ ਪਹਿਲਾਂ 1 ਜੂਨ 1986 ਨੂੰ ਕੀਤੀ ਵਸੀਅਤ ਨੰ: 41 ਅਨਸਾਰ ਆਪਣੀਆਂ ਤਿੰਨ ਬੇਟੀਆਂ ’ਚੋਂ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਜਾਇਦਾਦ ’ਚੋਂ ਕੁਝ ਨਹੀਂ ਦਿੱਤਾ ਸੀ ਜਦਕਿ ਮਹੀਪਇੰਦਰ ਕੌਰ ਦੀ ਮੌਤ ਹੋ ਗਈ ਸੀ। ਰਾਜੇ ਨੇ ਵਸੀਅਤ ਰਾਹੀਂ ਜਾਇਦਾਦ ਦੀ ਸਾਂਭ ਸੰਭਾਲ ਲਈ ਮਹਾਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕਰ ਕੇ ਰਾਜ ਕੁਮਾਰੀ ਦੀਪਇੰਦਰ ਕੌਰ ਮਹਿਤਾਬ ਨੂੰ ਟਰੱਸਟ ਦੀ ਚੇਅਰਪਰਸਨ ਬਣਾ ਦਿੱਤਾ ਸੀ।

ਜਾਇਦਾਦ ਦੇ ਵੇਰਵੇ

ਫ਼ਰੀਦਕੋਟ ਰਿਆਸਤ ਦੀ ਲੱਗਪਗ 20 ਹਜ਼ਾਰ ਕਰੋੜ ਦੀ ਜਾਇਦਾਦ ਦੇਸ਼ ਅਤੇ ਬਾਕੀ ਦੁਨੀਆ ਵਿੱਚ ਹੈ। ਜਿਸ ਵਿੱਚ ਫ਼ਰੀਦਕੋਟ ਦਾ ਸ਼ਾਹੀ ਰਾਜ ਮਹਿਲ, 20 ਹਜ਼ਾਰ ਏਕੜ ਜ਼ਮੀਨ, ਇੱਕ ਹਵਾਈ ਅੱਡਾ, ਤਿੰਨ ਵਿਦੇਸ਼ੀ ਜਹਾਜ਼, ਦੋ ਕਿਲ੍ਹੇ, ਹੀਰੇ, ਸੋਨਾ, ਚਾਂਦੀ ਅਤੇ ਦੇਸ਼ ਭਰ ਵਿੱਚ ਦੋ ਦਰਜਨ ਤੋਂ ਵੱਧ ਆਲੀਸ਼ਾਨ ਇਮਾਰਤਾਂ, ਅਸਲਾ ਖਾਨਾ, ਅਜਾਇਬ ਘਰ ਅਾਦਿ ਸ਼ਾਮਲ ਹਨ। ਫ਼ਰੀਦਕੋਟ ਜ਼ਿਲ੍ਹੇ ਵਿੱਚ ਰਿਆਸਤ ਦੀਆਂ ਇੱਕ ਦਰਜਨ ਤੋਂ ਵੱਧ ਇਮਾਰਤਾਂ ਅੱਜ ਵੀ ਸੁਰੱਖਿਅਤ ਹਨ, ਜੋ ਵਿਸ਼ਵ ਦੀਆਂ ਸਭ ਤੋਂ ਖੂਬਸੂਰਤ ਇਮਾਰਤਾਂ ਵਿੱਚ ਸ਼ੁਮਾਰ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All