ਸ਼ਗਨ ਕਟਾਰੀਆ
ਬਠਿੰਡਾ, 19 ਅਕਤੂਬਰ
ਵਜੂਦ ਖ਼ਾਤਰ ਜੰਗ ਦੇ ਮੈਦਾਨ ’ਚ ਨਿੱਤਰੇ ਕਿਸਾਨਾਂ ਦੀ ਪਿੱਠ ’ਤੇ ਆਮ ਲੋਕਾਈ ਆਣ ਡਟੀ ਹੈ। ਧਰਨਿਆਂ ਦਾ ਆਗਾਜ਼ ਭਾਵੇਂ ਦਰਮਿਆਨੀ ਉਮਰ ਨੇ ਕੀਤਾ। ਹੁਣ ਬਜ਼ੁਰਗ, ਨੌਜਵਾਨ, ਬੱਚੇ ਤੇ ਬੀਬੀਆਂ ਵਹੀਰਾਂ ਘੱਤੀ ਧਰਨਿਆਂ ’ਚ ਪਹੁੰਚਦੇ ਹਨ। ਮੁਲਾਜ਼ਮ, ਦੁਕਾਨਦਾਰ, ਮਜ਼ਦੂਰਾਂ ਸਣੇ ਕਈ ਤਬਕੇ ਸੰਘਰਸ਼ੀ ਮਸ਼ਾਲ ਦੀ ਲਾਟ ਨੂੰ ਉੱਚਾ ਰੱਖਣ ਲਈ ਬਣਦਾ ਯੋਗਦਾਨ ਪਾ ਰਹੇ ਹਨ। ਧਰਨਿਆਂ ਨੇੜੇ ਚੁੱਲ੍ਹੇ-ਭੱਠੀਆਂ ਅਤੇ ਤੰਦੂਰ ਚੌਵੀ ਘੰਟੇ ਭਖਦੇ ਵਿਖਾਈ ਦਿੰਦੇ ਹਨ। ਦੁੱਧ ਤੇ ਰਾਸ਼ਨ ਪਹੁੰਚਾਉਣ ਵਾਲਿਆਂ ਦੀ ਲਾਈਨ ਆਏ ਦਿਨ ਲੰਮੀ ਹੋ ਰਹੀ ਹੈ। ਪੁਰਸ਼ ਅਤੇ ਬੀਬੀਆਂ ਮਿਲ-ਜੁਲ ਕੇ ਭੋਜਨ ਤਿਆਰ ਕਰਦੇ ਹਨ। ਇਥੇ ਬਣਦੀ ਚਾਹ-ਰੋਟੀ ਦੇ ਖੁੱਲ੍ਹੇ ਗੱਫੇ ਕੋਲੋਂ ਲੰਘਦੇ ਰਾਹਗੀਰ ਵੀ ਛਕਦੇ ਹਨ।
ਬਠਿੰਡਾ ਦੇ ‘ਬੈਸਟ ਪਰਾਈਸ’ ਅੱਗੇ ਧਰਨੇ ’ਚ ਪਿੰਡ ਗੋਬਿੰਦਪੁਰਾ ਦੇ ਵਾਸੀ ਅੱਜ ਮਾਲ੍ਹ-ਪੂੜੇ ਅਤੇ ਖੀਰ ਲੈ ਕੇ ਪਹੁੰਚੇ। ਪਿੰਡ ਗਿੱਦੜ ਦੇ ਬਾਸ਼ਿੰਦਿਆਂ ਵੱਲੋਂ ਲੱਡੂਆਂ ਅਤੇ ਬੁਰਜ ਸੇਮਾ ਦੇ ਲੋਕਾਂ ਵੱਲੋਂ ਧਰਨਾਕਾਰੀਆਂ ਨੂੰ ਬਦਾਨੇ ਦੇ ਪੈਕੇਟ ਵਰਤਾਏ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਭੋਜਨ-ਪਾਣੀ ਤੋਂ ਇਲਾਵਾ ਰਾਮਪੁਰਾ ਦੇ ਸ਼ਹਿਰੀਆਂ ਨੇ ਦਸਹਿਰੇ ਮੌਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜਨ ਲਈ ਖੁਦ ਪੇਸ਼ਕਦਮੀ ਕੀਤੀ ਹੈ। ਜਥੇਬੰਦੀ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਮੁਤਾਬਿਕ ਵਿਦੇਸ਼ੀਂ ਵਸੇ ਪਰਵਾਸੀਆਂ ਵੱਲੋਂ ਫੰਡ ਭੇਜ ਕੇ ਆਪਣੀ ਮਿੱਟੀ ਦਾ ਕਰਜ਼ ਚੁਕਾਇਆ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਦਾ ਦਾਅਵਾ ਕੀਤਾ ਕਿ ਲੋਕਾਂ ਚੇਤਨਾ ਨੂੰ ਚਿਣਗ ਦੀ ਜਾਗ ਲੱਗ ਚੁੱਕੀ ਹੈ।
ਜ਼ਿਲ੍ਹੇ ’ਚ ਰੇਲਵੇ ਪਟੜੀਆਂ, ਸ਼ਾਪਿੰਗ ਮਾਲ, ਪੈਟਰੌਲ ਪੰਪਾਂ, ਟੌਲ ਪਲਾਜ਼ਿਆਂ ਸਮੇਤ ਵੱਡੇ ਪੂੰਜੀਪਤੀਆਂ ਦੇ ਵਪਾਰਿਕ ਟਿਕਾਣਿਆਂ ’ਤੇ ਧਰਨਿਆਂ ਦਾ ਦੌਰ ਅੱਜ 19ਵੇਂ ਦਿਨ ਵੀ ਭਖਦਾ ਰਿਹਾ। ਜੰਗ ਜਿੱਤਣ ਦੇ ਬੁਲੰਦ ਹੌਂਸਲਿਆਂ ਨਾਲ ਕਿਸਾਨ ਮੋਰਚਿਆਂ ’ਤੇ ਡਟੇ ਹੋਏ ਹਨ।
ਢਾਡੀ ਜਥਿਆਂ ਨੇ ਬੀਰ ਰਸ ਵਾਰਾਂ ਨਾਲ ਭਰਿਆ ਜੋਸ਼
ਭੁੱਚੋ ਮੰਡੀ (ਪਵਨ ਗੋਇਲ): ਭੁੱਚੋ ਮੰਡੀ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਵੱਖ ਵੱਖ ਕਿਸਾਨ ਮੋਰਚਿਆਂ ਵਿੱਚ ਆਪਣੀ ਕਲਾ ਰਾਹੀਂ ਕਿਸਾਨਾਂ ਦਾ ਭਰਵਾਂ ਸਹਿਯੋਗ ਦੇ ਰਿਹਾ ਹੈ। ਬੀਬੀ ਪਰਮਜੀਤ ਕੌਰ, ਸਿਮਰਜੀਤ ਕੌਰ ਅਤੇ ਮੱਖਣ ਸਿੰਘ ਵੱਲੋਂ ਵਾਰਾਂ ਪੇਸ਼ ਕਰਕੇ ਸਰਕਾਰਾਂ ਦੀ ਧੱਕੇਸ਼ਾਹੀ ਅਤੇ ਕਿਸਾਨਾਂ ਦੇ ਦਰਦ ਨੂੰ ਉਭਾਰਿਆ ਜਾ ਰਿਹਾ ਹੈ। ਇਸ ਨਾਲ ਧਰਨਾਕਾਰੀ ਦੀ ਰੂਹ ਨੂੰ ਉਤਸ਼ਾਹ ਦਾ ਭਰਵਾਂ ਹੁਲਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ ਲੋਕ ਪੱਖੀ ਗਾਇਕ ਜਗਸੀਰ ਜੀਦਾ ਅਤੇ ਨਾਟਕ ਮੰਡਲੀਆਂ ਮੋਰਚਿਆਂ ਵਿੱਚ ਆਪਣਾ ਤਾਣ ਲਗਾ ਰਹੀਆਂ ਹਨ। ਇਸੇ ਦੌਰਾਨ ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੇ ਵਰਕਰਾਂ ਵੱਲੋਂ ਕੌਮੀ ਮਾਰਗ ’ਤੇ ਲੱਗੇ ਵੱਖ ਵੱਖ ਕਿਸਾਨ ਮੋਰਚਿਆਂ ਵਿੱਚ ਅੱਜ ਲਗਭਗ 5 ਹਜ਼ਾਰ ਕਿਸਾਨਾਂ ਨੂੰ ਦਾਲ ਫੁਲਕਾ ਛਕਾਇਆ ਗਿਆ ਅਤੇ ਬਚਿਆ ਰਾਸ਼ਨ ਕਿਸਾਨਾਂ ਦੇ ਲੰਗਰ ਵਿੱਚ ਪਾਇਆ ਗਿਆ।