ਕੇਂਦਰ ਦੀ ਅੜੀ ਨੇ ਕਿਸਾਨਾਂ ਵਿੱਚ ਰੋਹ ਵਧਾਇਆ

ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਰੋਕਣ ਤੋਂ ਅੰਦੋਲਨਕਾਰੀ ਖ਼ਫ਼ਾ

ਕੇਂਦਰ ਦੀ ਅੜੀ ਨੇ ਕਿਸਾਨਾਂ ਵਿੱਚ ਰੋਹ ਵਧਾਇਆ

ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਲਹਿਰਾ ਬੇਗਾ ਟੌਲ ਪਲਾਜ਼ੇ ’ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ।

ਸ਼ਗਨ ਕਟਾਰੀਆ
ਬਠਿੰਡਾ/ਜੈਤੋ, 26 ਅਕਤੂਬਰ
‘ਕੇਂਦਰ ਸਰਕਾਰ ਵੱਲੋਂ ਸਵਾਰੀ ਗੱਡੀਆਂ ਚਲਾਉਣ ਦੀ ਸ਼ਰਤ ’ਤੇ ਪੰਜਾਬ ’ਚ ਮਾਲ ਗੱਡੀਆਂ ਰੋਕਣਾ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ’ਚ ਕੁੱਦਣ ਦੀ ਸਜ਼ਾ ਹੈ। ਪੰਜਾਬੀ ਜਾਰੀ ਸੰਘਰਸ਼ ਨੂੰ ਹੁਣ ਹੋਰ ਤੇਜ਼ ਕਰਕੇ ਇਸ ਦਾ ਢੁੱਕਵਾਂ ਜਵਾਬ ਦੇਣਗੇ।’ ਇਹ ਗੱਲ ਇੱਥੇ ਬੈਸਟ ਪ੍ਰਾਈਸ ਦੇ ਘਿਰਾਓ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਹੀ।

ਉਨ੍ਹਾਂ ਕਿਹਾ ਕਿ ਸੰਘਰਸ਼ੀ ਕਿਸਾਨਾਂ ਵੱਲੋਂ ਬਣਾਂਵਾਲੀ ਤੇ ਰਾਜਪੁਰਾ ਦੇ ਨਿੱਜੀ ਥਰਮਲ ਪਲਾਂਟਾਂ ਨੂੰ ਜਾਂਦੀ ਕੋਲੇ ਦੀ ਸਪਲਾਈ ਰੋਕਣ ਨੂੰ ਕੇਂਦਰ ਸਰਕਾਰ ਵੱਲੋਂ ‘ਰੇਲਵੇ ਲਾਈਨ ਜਾਮ ਕਰਨ’ ਦੀ ਕਾਰਵਾਈ ਵਜੋਂ ਪੇਸ਼ ਕਰਨਾ ਬਿਲਕੁਲ ਦਰੁੱਸਤ ਨਹੀਂ। ਉਨ੍ਹਾਂ ਇਸ ਕਾਰਵਾਈ ਨੂੰ ਗ਼ੈਰ ਜਮਹੂਰੀ ਤੇ ਗ਼ੈਰ ਜ਼ਿੰਮੇਵਾਰਾਨਾ ਗਰਦਾਨਦਿਆਂ ਪੰਜਾਬ ਵਾਸੀਆਂ ਅਤੇ ਸੰਘਰਸ਼ੀ ਲੋਕਾਂ ਖ਼ਿਲਾਫ਼ ਬਦਲਾਲਊ ਭਾਵਨਾ ਤਹਿਤ ਚੁੱਕਿਆ ਕਦਮ ਦੱਸਿਆ।

ਇਸ ਦੌਰਾਨ ਪੂੰਜੀਪਤੀ ਘਰਾਣਿਆਂ ਦੇ ਵਪਾਰਕ ਕੇਂਦਰਾਂ, ਟੌਲ ਪਲਾਜ਼ਿਆਂ, ਪੈਟਰੋਲ ਪੰਪਾਂ ਅਤੇ ਰੇਲਵੇ ਪਟੜੀਆਂ ਨੇੜੇ ਕਿਸਾਨਾਂ ਦੇ ਧਰਨੇ ਜਾਰੀ ਰਹੇ। ਸੰਘਰਸ਼ਕਾਰੀਆਂ ਦੇ ਵਿਸ਼ਾਲ ਇਕੱਠਾਂ ਦੌਰਾਨ ਨਾਟਕਾਂ, ਕੋਰੀਓਗ੍ਰਾਫ਼ੀਆਂ ਅਤੇ ਅਗਾਂਹਵਧੂ ਗੀਤ-ਸੰਗੀਤ ਦਾ ਪ੍ਰਵਾਹ ਚੱਲਦਾ ਰਿਹਾ। ਇਸੇ ਤਰ੍ਹਾਂ ਸਬ-ਡਿਵੀਜ਼ਨ ਜੈਤੋ ਅੰਦਰ ਰੋਮਾਣਾ ਅਲਬੇਲ ਸਿੰਘ ਅਤੇ ਜੈਤੋ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ ’ਤੇ ਕਿਸਾਨ ਧਰਨਿਆਂ ’ਤੇ ਡਟੇ ਹੋਏ ਹਨ। ਸਾਰੇ ਕਿਸਾਨੀ ਮੋਰਚਿਆਂ ’ਤੇ ਕੇਂਦਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ’ਤੇ ਰੋਕ ਲਾਉਣ ਦੇ ਫ਼ੈਸਲੇ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ‘ਬਾਂਹ ਮਰੋੜਨ’ ਦੀ ਕੋਝੀ ਚਾਲ ਦੱਸੀ ਗਈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨੀ ਸੰਘਰਸ਼ ਦਾ ਰੁਖ਼ ਕੇਂਦਰ ਵੱਲ ਕਰਨ ਦੀ ਅਪੀਲ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਜਥੇਬੰਦੀਆਂ ਦੀਆਂ ਨੀਤੀਆਂ ਤੈਅ ਕਰਨਗੀਆਂ ਕਿ ਸੰਘਰਸ਼ ਕਿੱਧਰ ਸੇਧਿਤ ਕਰਨਾ ਤੇ ਕਿੱਧਰ ਨਹੀਂ।

ਪੰਜਾਬ ਵਿੱਚ ਮਾਲ ਗੱਡੀਆਂ 29 ਤੱਕ ਬੰਦ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਪੰਜਾਬ ’ਚ ਮਾਲ ਗੱਡੀਆਂ ਚੱਲਣ ’ਤੇ ਮੁੜ ਤੋਂ ਰੋਕ ਲਾ ਦਿੱਤੀ ਗਈ ਹੈ। ਹਾਲ ਦੀ ਘੜੀ ਇਹ ਰੋਕ 29 ਅਕਤੂਬਰ ਤੱਕ ਲਾਈ ਗਈ ਹੈ ਪਰ ਜੇ ਕਿਸਾਨ ਅੰਦੋਲਨ ਚੱਲਦਾ ਰਿਹਾ ਤਾਂ ਇਹ ਰੋਕ ਅਗਾਂਹ ਵੀ ਵਧਾਈ ਜਾ ਸਕਦੀ ਹੈ। ਇਸ ਬਾਰੇ ਅੱਜ ਫ਼ਿਰੋਜ਼ਪੁਰ ਰੇਲ ਮੰਡਲ ਦੇ ਮਹਾਂਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ 24 ਸਤੰਬਰ ਤੋਂ ਕਿਸਾਨ ਯੂਨੀਅਨਾਂ ਦੇ ਰੇਲ ਰੋਕੋ ਅੰਦੋਲਨ ਸ਼ੁਰੂ ਹੋਣ ਕਰ ਕੇ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। 21 ਅਕਤੂਬਰ ਨੂੰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਮਾਲ ਗੱਡੀਆਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਕਰ ਕੇ ਫ਼ਿਰੋਜ਼ਪੁਰ ਅਤੇ ਅੰਬਾਲਾ ਰੇਲ ਡਿਵੀਜ਼ਨ ਅੰਦਰ 173 ਮਾਲ ਗੱਡੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਦੇ ਅੰਦਰ ਰੋਮਾਣਾ ਅਲਬੇਲ ਸਿੰਘ ਵਿਚ ਇੱਕ ਖਾਲੀ ਰੈਕ ਨੂੰ ਰੋਕਿਆ ਗਿਆ ਤੇ ਇਸੇ ਤਰ੍ਹਾਂ ਕੁਝ ਹੋਰ ਥਾਵਾਂ ’ਤੇ ਵੀ ਮਾਲ ਗੱਡੀਆਂ ਰੋਕੀਆਂ ਗਈਆਂ ਜਿਸ ਕਰ ਕੇ ਰੇਲਵੇ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ। ਹੁਣ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਫ਼ੈਸਲਾ ਲਿਆ ਹੈ ਕਿ ਜਦੋਂ ਤੱਕ ਸਥਿਤੀ ਪੂਰਨ ਤੌਰ ’ਤੇ ਠੀਕ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸੇ ਵੀ ਮਾਲ ਗੱਡੀ ਨੂੰ ਪੰਜਾਬ ਅੰਦਰ ਨਹੀਂ ਚਲਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All