ਸ਼ਗਨ ਕਟਾਰੀਆ
ਬਠਿੰਡਾ, 15 ਫਰਵਰੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਸੀਨੀਅਰ ਪੁਲੀਸ ਕਪਤਾਨ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਦੋਸ਼ ਲਾਇਆ ਕਿ ਮੰਗਾਂ ਨਾਲ ਸਬੰਧਤ ਮਸਲਿਆਂ ਬਾਰੇ ਕਥਿਤ ਗ਼ਲਤ ਪੜਤਾਲੀਆ ਰਿਪੋਰਟਾਂ ਤਿਆਰ ਕਰਕੇ ਪੁਲੀਸ ਮੁਲਜ਼ਮਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ।
ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ, ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਅਤੇ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਪਿੰਡ ਜੀਦਾ ‘ਚ ਲੋਕ ਪੱਖੀ ਗੀਤਕਾਰ ਤੇ ਗਾਇਕ ਜਗਸੀਰ ਜੀਦਾ ਵੱਲੋਂ ਖ਼ਰੀਦੀ ਜ਼ਮੀਨ ਦੀ ਰਜਿਸਟਰੀ ਵਿੱਚ ਦਰਜ ਰਾਹ ਅਤੇ ਪਾਣੀ ਦੇਣ ਦੇ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਸਿਆਸੀ ਦਖ਼ਲ ਦੇ ਜ਼ੋਰ ਮਨਘੜਤ ਰਿਪੋਰਟਾਂ ਬਣਾ ਕੇ ਪ੍ਰਸ਼ਾਸਨ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤ ਨੂੰ ਜਾਂਦੇ ਰਾਹ ਦਾ ਨਕਸ਼ਾ ਵੀ ਪੁਲੀਸ ਵੱਲੋਂ ਗ਼ਲਤ ਤਿਆਰ ਕਰਕੇ ਸਚਾਈ ਨੂੰ ਘੱਟੇ ‘ਚ ਰੋਲ਼ਿਆ ਜਾ ਰਿਹਾ ਹੈ, ਜਦੋਂ ਕਿ ਖੇਤ ਨੂੰ ਜਾਂਦੇ ਰਾਹ ‘ਤੇ ਕਿਸਾਨ ਪਰਿਵਾਰ ਨੇ ਕਣਕ ਬੀਜ ਰੱਖੀ ਹੈ ਅਤੇ ਜਗਸੀਰ ਜੀਦਾ ਦਾ ਖੇਤ ਇੱਕ ਸਾਲ ਤੋਂ ਫ਼ਸਲ ਬੀਜਣ ਖੁਣੋਂ ਖਾਲੀ ਪਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਪਿੰਡ ਜਿਉਂਦ ਦੀ ਮਜ਼ਦੂਰ ਔਰਤ ਦੇ ਦਿੱਤੇ ਬਿਆਨਾਂ ਨੂੰ ਵੀ ਪੁਲੀਸ ਵੱਲੋਂ ਅਹਿਮੀਅਤ ਨਹੀਂ ਦਿੱਤੀ ਜਾ ਰਹੀ। ਉਨਾਂ ਕਿਹਾ ਕਿ ‘ਆਪ’ ਦੇ ਬਦਲਾਅ ਦੇ ਨਾਅਰੇ ਨੇ ਮਜ਼ਦੂਰਾਂ ਦਾ ਕਚੂੰਬਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਤਾਂ ਇਨਸਾਫ਼ ਕੀ ਦੇਣਾ ਹੈ, ਖੁਦ ਮੁੱਖ ਮੰਤਰੀ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰ ਜਾਣਾ, ਇਹੋ ਸਿੱਧ ਕਰਦਾ ਹੈ ਕਿ ਉਹ ਮਜ਼ਦੂਰ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰ ਨਹੀਂ ਹਨ। ਉਨਾਂ ਐਲਾਨ ਕੀਤਾ ਕਿ ਦੋਵੇਂ ਮਾਮਲਿਆਂ ਦੇ ਦੋਸ਼ੀਆਂ ‘ਤੇ ਕੇਸ ਦਰਜ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।