ਸ਼ਗਨ ਕਟਾਰੀਆ
ਬਠਿੰਡਾ, 20 ਜਨਵਰੀ
ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਅੱਜ ਫ਼ਿਰ ਸ਼ਹਿਰ ਦੇ ਸੀਨੀਅਰ ਅਕਾਲੀ ਲੀਡਰ ਅਤੇ ਸਰਕਲ ਪ੍ਰਧਾਨ ਰੌਸ਼ਨ ਗਿਆਨਾ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਕਮਲਜੀਤ ਕੌਰ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਤੋਂ ਖੁਸ਼ ਮੌਜੂਦਾ ਕੌਂਸਲਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਤੇ ਤਰੱਕੀ ਨੂੰ ਦੇਖਦਿਆਂ ਲਗਾਤਾਰ ਸਿਆਸੀ ਲੀਡਰ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਰੌਸ਼ਨ ਗਿਆਨਾ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਵੱਲੋਂ ਟਕਸਾਲੀ ਵਰਕਰਾਂ ਤੇ ਆਗੂਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਜਿਸ ਕਾਰਨ ਟਕਸਾਲੀ ਆਗੂ ਤੇ ਵਰਕਰ ਪਾਰਟੀ ਛੱਡ ਰਹੇ ਹਨ। ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੀਆਂ ਨੀਤੀਆਂ ਤੋਂ ਪਿਛਾਂਹ ਹਟ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਤੋਂ ਇਲਾਵਾ ਦੇਸ਼ ਭਰ ਦੇ ਕਿਸਾਨ ਦਿੱਲੀ ਬਾਰਡਰਾਂ ’ਤੇ ਹੱਢ ਚੀਰਵੀਂ ਠੰਢ ਦੌਰਾਨ ਸੰਘਰਸ਼ ਕਰ ਰਹੇ ਹਨ ਪਰ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਵਿਰੋਧੀ ਬਿੱਲਾਂ ਦੀ ਹਮਾਇਤ ਕਰਕੇ ਆਪਣੇ ਆਪ ਨੂੰ ਪੰਜਾਬ ਵਿਰੋਧੀ ਵਜੋਂ ਦਰਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨਾਂ ਪ੍ਰਤੀ ਅਪਣਾਏ ਰਵੱਈਏ ਅਤੇ ਨਗਰ ਨਿਗਮ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਤੋਂ ਦੁਖੀ ਹੋ ਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।