ਮਾਲਵਾ ਖੇਤਰ ਵਿੱਚ ਮੀਂਹ ਨੇ ਛਹਿਬਰ ਲਾਈ : The Tribune India

ਮਾਲਵਾ ਖੇਤਰ ਵਿੱਚ ਮੀਂਹ ਨੇ ਛਹਿਬਰ ਲਾਈ

ਗਰਮੀ ਕਾਰਨ ਬੇਹਾਲ ਹੋਏ ਲੋਕਾਂ ਨੂੰ ਰਾਹਤ, ਮੀਂਹ ਦਾ ਪਾਣੀ ਫ਼ਸਲਾਂ ਲਈ ਅੰਮ੍ਰਿਤ ਕਰਾਰ

ਮਾਲਵਾ ਖੇਤਰ ਵਿੱਚ ਮੀਂਹ ਨੇ ਛਹਿਬਰ ਲਾਈ

ਬਠਿੰਡਾ ਵਿੱਚ ਵੀਰਵਾਰ ਨੂੰ ਬਾਰਸ਼ ਮਗਰੋਂ ਦਾ ਮਨਮੋਹਕ ਨਜ਼ਾਰਾ।- ਫੋਟੋ: ਪਵਨ ਸ਼ਰਮਾ

ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੂਨ

ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਆਉਣ ਤੋਂ ਬਾਅਦ ਮਾਲਵਾ ਖੇਤਰ ਵਿੱਚ ਪਏ ਮੀਂਹ ਨੇ ਅੱਜ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੇ ਕੜਕਦੀ ਧੁੱਪ ਕਾਰਨ ਫ਼ਸਲਾਂ ਦੇ, ਜੋ ਘੁੰਡ ਮੁੜੇ ਵਿਖਾਈ ਦਿੰਦੇ ਸਨ, ਉਨ੍ਹਾਂ ਉਪਰ ਡਿੱਗੇ ਅੰਬਰੀ ਪਾਣੀ ਨੇ ਰੌਣਕਾਂ ਨੂੰ ਮੌੜ ਲਿਆਂਦਾ ਹੈ। ਨਿਰਮਲ ਪਾਣੀ ਨੇ ਫਸਲਾਂ ਨੂੰ ਧੋ ਨਿਖਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫਸਲਾਂ ਲਈ ਸਭ ਤੋਂ ਉੱਤਮ ਕਰਾਰ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਤੇ ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਲੁਆਈ ਦੌਰਾਨ ਪਈ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਨੂੰ ਠਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਫ਼ਸਲ ਸਮੇਤ ਪਸ਼ੂਆਂ ਦੇ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ, ਜੋ ਸੂਰਜ ਦੀ ਤੇਜ਼ ਤਪਸ਼ ਕਾਰਨ ਸੜਨ ਕਿਨਾਰੇ ਖੜ੍ਹੀਆਂ ਸਨ।

ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ. ਰੋਮਾਣਾ ਦਾ ਕਹਿਣਾ ਹੈ ਕਿ ਹੁਣ ਮਾਲਵਾ ਪੱਟੀ ਵਿੱਚ ਮੀਂਹ ਖੁੱਲ੍ਹ ਗਏ ਹਨ, ਜਿਹੜੇ ਅਗਲੇ ਦਿਨਾਂ ਵਿੱਚ ਧੰਨ ਧੰਨ ਕਰਵਾ ਦੇਣਗੇ। ਉਨ੍ਹਾਂ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵਧਣ ਵਾਲੇ ਪਾਸੇ ਚਾਲੇ ਪਾ ਦੇਵੇਗੀ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਮਨਜੀਤ ਸਿੰਘ ਤੇ ਖੇਤੀ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮੀਂਹ ਨੇ ਸੱਚਮੁੱਚ ਸਹੀ ਸਮੇਂ ’ਤੇ ਵਰ੍ਹੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਖਰਚ ਹੋਣ ਅਤੇ ਬਿਜਲੀ ਦੇ ਰੂਪ ਵਿੱਚ ਖਰਚਾ ਹੋਣ ਤੋਂ ਬਚਾਅ ਹੋਣ ਕਾਰਨ ਲੱਖਾਂ ਰੁਪਏ ਦਾ ਫਾਇਦਾ ਹੋ ਗਿਆ ਹੈ।

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ) ਅੱਜ ਸ਼ਾਮ ਇਸ ਇਲਾਕੇ ਅੰਦਰ ਸ਼ੁਰੂ ਹੋਈ ਹਲਕੀ ਬਾਰਸ਼ ਨਾਲ ਪਿਛਲੇ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤਿ ਦੀ ਗਰਮੀ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚੋਂ ਨਿਕਲਣਾ ਦੁੱਭਰ ਹੋਇਆ ਪਿਆ ਸੀ। ਗਰਮੀ ਕਾਰਨ ਜਿੱਥੇ ਖੇਤਾਂ ਵਿੱਚ ਖੜ੍ਹੀਆਂ ਫਸਲਾਂ, ਹਰਾ ਚਾਰਾ, ਸਬਜ਼ੀਆਂ ਆਦਿ ਝੁਲਸਦੀਆਂ ਜਾ ਰਹੀਆਂ ਸਨ ਉੱਥੇ ਝੋਨਾ ਲਾਉਣ ਵਾਲੀ ਲੇਬਰ ਨੂੰ ਵੀ ਮੁਸ਼ਕਿਲਾਂ ਆ ਰਹੀਆਂ ਸਨ ਤੇ ਕਿਸਾਨਾਂ ਨੂੰ ਝੋਨਾ ਲਵਾਉਣ ਲਈ ਪਾਣੀ ਪੂਰਾ ਕਰਨ ਵਿੱਚ ਦਿੱਕਤ ਆ ਰਹੀ ਸੀ। ਅੱਜ ਸ਼ਾਮ ਤੋਂ ਇਸ ਇਲਾਕੇ ਅੰਦਰ ਪੈ ਰਹੇ ਹਲਕੇ ਮੀਂਹ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਤੇ ਫਸਲਾਂ, ਹਰੇ ਚਾਰੇ, ਸਬਜ਼ੀਆਂ ਆਦਿ ਲਈ ਇਹ ਮੀਂਹ ਵਰਦਾਨ ਸਿੱਧ ਹੋਵੇਗਾ।

ਬਠਿੰਡਾ ਖੇਤਰ ’ਚ ਹਲਕੀ ਬਾਰਸ਼ ਕਾਰਨ ਮੌਸਮ ਖੁਸ਼ਗਵਾਰ

ਬਠਿੰਡਾ (ਮਨੋਜ ਸ਼ਰਮਾ) ਅੱਜ ਬਠਿੰਡਾ ਦੇ ਮਾਲਵਾ ਖੇਤਰ ’ਚ ਹਲਕੀ ਬਾਰਸ਼ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਜਦੋਂਕਿ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਸੀ। ਅੱਜ ਬਾਅਦ ਦੁਪਹਿਰ ਮੌਸਮ ਦੇ ਬਦਲੇ ਮਿਜ਼ਾਜ ਨੇ ਠੰਢੀਆਂ ਹਵਾਵਾਂ ਤੋਂ ਬਾਅਦ ਦੇਰ ਸ਼ਾਮ ਹਲਕੀ ਬਾਰਸ਼ ਨੇ ਛਹਿਬਰ ਲਾਈ। ਅੱਜ ਦੀ ਬਾਰਸ਼ ਕਾਰਨ ਜਿੱਥੇ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ ਉਥੇ ਪਸ਼ੂ ਪੰਛੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਕਿਸਾਨਾਂ ਨੇ ਕਿਹਾ ਕਿ ਬਾਰਸ਼ ਬਹੁਤ ਹੀ ਮੌਕੇ ’ਤੇ ਪੈਣੀ ਸ਼ੁਰੂ ਹੋਈ ਹੈ। ਜੂਨ ਮਹੀਨੇ ਵਿੱਚ ਪੈ ਰਹੀ ਗਰਮੀ ਕਾਰਨ ਤੇ ਔੜ ਦੇ ਚੱਲਦਿਆਂ ਨਰਮੇ ਤੇ ਝੋਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਸੀ ਜਿਸ ਕਾਰਨ ਖੇਤੀ ਸੈਕਟਰ ਲਈ ਇਹ ਮੀਂਹ ਹੋਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਮੌਸਮ ਵਿਭਾਗ ਵੱਲੋਂ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਆਉਣ ਦੀ ਪੇਸ਼ੀਗਨੋਈ ਕੀਤੀ ਹੋਈ ਸੀ ਤੇ ਭਲਕੇ ਇਕ ਤੇ ਦੋ ਜੁਲਾਈ ਨੂੰ ਬਠਿੰਡਾ ਤੇ ਆਸ ਪਾਸ ਵਾਲੇ ਮਾਲਵਾ ਖੇਤਰ ਨਾਲ ਸਬੰਧਤ ਜ਼ਿਲ੍ਹਿਆਂ ’ਚ ਭਰਵੇਂ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ ਰਾਤ ਵੇਲੇ ਹੋਰ ਵੀ ਬਾਰਸ਼ ਪੈਣ ਦੀ ਉਮੀਦ ਬਣੀ ਹੋਈ ਹੈ। ਯੂਨੀਵਰਸਿਟੀ ਦੇ ਖੇਤਰੀ ਕੈਂਪਸ ਕੈਂਪਸ ਦੇ ਖੇਤੀ ਵਿਗਿਆਨੀ ਡਾ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਬਾਰਸ਼ ਹੁੰਦੀ ਹੈ ਤਾਂ ਕਿਸਾਨੀ ਲਈ ਬਹੁਤ ਵੱਡੀ ਰਾਹਤ ਪ੍ਰਦਾਨ ਕਰੇਗੀ।

ਝੋਨਾ ਲਾਉਣ ਦੇ ਕੰਮ ਵਿੱਚ ਆਵੇਗੀ ਤੇਜ਼ੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਹੁਣ ਭਲਕੇ ਮਾਲਵਾ ਖੇਤਰ ਸਮੇਤ ਪੂਰੇ ਪੰਜਾਬ ਵਿੱਚ ਭਰਵੀਂ ਵਰਖਾ ਹੋਣ ਤੋਂ ਬਾਅਦ ਰਾਜ ਭਰ ਵਿੱਚ ਠੰਢੀਆਂ ਹਵਾਵਾਂ ਚੱਲਣਗੀਆਂ। ਮਾਲਵਾ ਖੇਤਰ ਵਿੱਚ ਬਦਲੇ ਇਸ ਮੌਸਮ ਤੋਂ ਬਾਅਦ ਝੋਨੇ ਨੂੰ ਲਾਉਣ ਦੀ ਸਪੀਡ ਵਿੱਚ ਜਿਹੜੀ ਖੜੋਤ ਆ ਗਈ ਸੀ, ਉਸਦੇ ਹੁਣ ਮੁੜ ਸਪੀਡ ਫੜ੍ਹਨ ਦੀ ਆਸ ਪੈਦਾ ਹੋ ਗਈ ਹੈ। ਹੁਣ ਪਰਵਾਸੀ ਮਜ਼ਦੂਰ ਵੀ ਝੋਨਾ ਲਾਉਣ ਲਈ ਪੁੱਜੇ ਹੋਏ ਹਨ, ਜਿਸ ਕਰਕੇ ਕਿਸਾਨਾਂ ਨੇ ਮਾਲਵਾ ਖੇਤਰ ਵਿੱਚ ਦਿਨ-ਰਾਤ ਪਨੀਰੀ ਪੁੱਟਕੇ ਖੇਤਾਂ ਵਿੱਚ ਲਾਉਣ ਦੀ ਤਿਆਰੀ ਅੱਜ ਹੀ ਖਿੱਚ ਦਿੱਤੀ ਹੈ। ਇਸੇ ਦੌਰਾਨ ਹੀ ਖੇਤਾਂ ਵਿੱਚ ਖਾਦਾਂ ਖਿਲਾਰਨ ਤੇ ਝੋਨੇ ਵਿਚ ਨਦੀਨਾਂ ਨੂੰ ਕਾਬੂ ਰੱਖਣ ਲਈ ਕੀਟਨਾਸ਼ਕ ਦਵਾਈਆਂ ਸੁੱਟਣ ਦਾ ਕਾਰਜ ਆਰੰਭ ਹੋ ਜਾਣਾ ਹੈ। ਉਧਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮਾਨਸਾ ਸਥਿਤ ਐਕਸੀਅਨ ਸਾਹਿਲ ਗੁਪਤਾ ਦਾ ਕਹਿਣਾ ਹੈ ਕਿ ਹੁਣ ਮੀਂਹਾਂ ਦੇ ਖੁੱਲ੍ਹਣ ਨਾਲ ਬਿਜਲੀ ਵਾਧੂ ਹੋ ਜਾਵੇਗੀ ਹੈ, ਜਿਸ ਕਾਰਨ ਕਿਸਾਨਾਂ ਨੂੰ ਰਹਿੰਦਾ ਝੋਨਾ ਲਾਉਣ ਤੇ ਲੱਗੇ ਹੋਏ ਨੂੰ ਪਾਲਣ ਲਈ ਲੋੜੀਂਦੀ ਪਾਣੀ ਦੀ ਮਾਤਰਾ ਵਾਧੂ ਹੋ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All