ਸ਼ਗਨ ਕਟਾਰੀਆ
ਬਠਿੰਡਾ, 20 ਅਕਤੂਬਰ
ਉੱਤਰ ਰੇਲਵੇ ਮਜ਼ਦੂਰ ਯੂਨੀਅਨ ਦੀਆਂ ਦੋਵੇਂ ਸਥਾਨਕ ਸ਼ਾਖ਼ਾਵਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਰੇਲਵੇ ਵਿਭਾਗ ਵੱਲੋਂ ਇਸ ਵਾਰ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਨਾ ਦੇਣ ’ਤੇ ਰੋਸ ਜਿਤਾਉਂਦਿਆਂ ਇਸ ਨੂੰ ਫੌਰੀ ਜਾਰੀ ਕਰਨ ਦੀ ਮੰਗ ਕੀਤੀ।
ਜਥੇਬੰਦੀ ਦੀਆਂ ਦੋਨੋਂ ਬਰਾਂਚਾਂ ਦੇ ਸਕੱਤਰਾਂ ਪ੍ਰੇਮ ਕੁਮਾਰ ਅਤੇ ਸੰਜੀਵ ਕੁਮਾਰ ਨੇ ਮੋਦੀ ਸਰਕਾਰ ’ਤੇ ਕਰੋਨਾ ਦੀ ਆੜ ਲੈ ਕੇ ਰੇਲਵੇ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਰੇਲਵੇ ਦਾ ਨਿੱਜੀਕਰਨ ਹੋਣ ਨਾਲ ਛੋਟੇ ਸਟੇਸ਼ਨਾਂ ’ਤੇ ਰੁਕਣ ਵਾਲੀਆਂ ਗੱਡੀਆਂ ਦੀ ਗਿਣਤੀ ਘਟਣ ਨਾਲ ਮੁਸਾਫ਼ਿਰਾਂ ਨੂੰ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਰੇਲ ਕਿਰਾਏ ’ਚ ਵਾਧਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣੇ ਕਿਰਾਏ ਦੋ ਤੋਂ ਤਿੰਨ ਗੁਣਾ ਤੱਕ ਵਧਾ ਦੇਣਗੇ, ਜਿਸ ਨਾਲ ਰੇਲ ਦਾ ਸਫ਼ਰ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ’ਚ ਰੇਲਵੇ ਵਿਭਾਗ ’ਚ ਵੱਡੀ ਪੱਧਰ ’ਤੇ ਕਰਮਚਾਰੀਆਂ ਦੀ ਛਾਂਟੀ ਹੋਣੀ ਯਕੀਨੀ ਹੈ ਅਤੇ ਉਨ੍ਹਾਂ ਦੀ ਯੂਨੀਅਨ ਇਸ ਰੁਝਾਨ ਨੂੰ ਰੋਕਣ ਲਈ ਹਰ ਲੜਾਈ ਲੜੇਗੀ।
ਪ੍ਰਦਰਸ਼ਨ ਵਿਚ ਰਾਕੇਸ਼ ਕੁਮਾਰ, ਵਿਸ਼ਾਲ ਸ਼ਰਮਾ, ਵਿਨੋਦ ਸੈਣੀ, ਨਰੇਂਦਰ ਕੁਮਾਰ, ਜਰਨੈਲ ਸਿੰਘ, ਹੇਮ ਰਾਜ, ਮੰਗਲ ਸੈਨ, ਓਮ ਪ੍ਰਕਾਸ਼, ਰਵਿੰਦਰ ਕੁਮਾਰ, ਦਿਨੇਸ਼ ਕੁਮਾਰ ਪਟੇਲ, ਨਵੀਨ ਕੁਮਾਰ, ਅਸ਼ੋਕ ਕੁਮਾਰ, ਅਰਵਿੰਦ ਸਿੰਘ, ਰਾਜੀਵ ਕੁਮਾਰ, ਧੀਰਜ ਕੁਮਾਰ, ਰਾਜਨ ਸ਼ਰਮਾ, ਸੋਨੂੰ, ਗਜੇਂਦਰ, ਬਲਰਾਮ, ਸ਼ਿਵ ਰਾਮ, ਰਾਮ ਭਜਨ, ਵਿਜੈ ਕੁਮਾਰ ਆਦਿ ਸ਼ਾਮਲ ਸਨ।