Punjab power cut: ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ ਐਸਡੀਐਮ ਦਫ਼ਤਰ ਅੱਗੇ ਪ੍ਰਦਰਸ਼ਨ
ਬਿਜਲੀ ਕੱਟ ਤੁਰੰਤ ਬੰਦ ਨਾ ਹੋਏ ਤਾਂ ਤਿੱਖਾ ਸੰਘਰਸ਼ ਕਰਾਂਗੇ: ਬਬਲੀ ਢਿੱਲੋਂ
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਐਸਡੀਐਮ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਸੂਬੇ ਵਿੱਚ ਕਈ ਨਵੇਂ ਬਿਜਲੀ ਪ੍ਰੋਜੈਕਟ ਲਗਾਏ ਗਏ ਸਨ, ਜਿਸ ਕਾਰਨ ਬਿਜਲੀ ਦੀ ਕੋਈ ਘਾਟ ਨਹੀਂ ਸੀ, ਪਰ ਬਾਅਦ ਦੀਆਂ ਸਰਕਾਰਾਂ ਨੇ ਬਿਜਲੀ ਢਾਂਚੇ (ਇੰਫਰਾਸਟਰਕਚਰ) ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਹਾਲਾਤ ਵਿਗੜ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿੱਚ ਹੀ 8 ਤੋਂ 10 ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਖ਼ਾਸ ਕਰਕੇ ਪਿੰਡਾਂ ਵਿੱਚ ਹਾਲਾਤ ਹੋਰ ਵੀ ਮਾੜੇ ਹਨ, ਜਿੱਥੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਪਿੰਡਾਂ ਦੇ ਲੋਕ ਬਿਜਲੀ ਗ੍ਰਿਡਾਂ ਅਤੇ ਸੜਕਾਂ ਨੂੰ ਜਾਮ ਕਰਨ ਲਈ ਮਜਬੂਰ ਹੋ ਰਹੇ ਹਨ।
ਢਿੱਲੋਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਬਦਇੰਤਜ਼ਾਮੀ ਅਤੇ ਲਾਪਰਵਾਹੀ ਕਾਰਨ ਹੀ ਇਹ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਢੁੱਕਵੇਂ ਕਦਮ ਚੁੱਕ ਕੇ ਬਿਜਲੀ ਸਪਲਾਈ ਸੁਚਾਰੂ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤੋਂ ਵੀ ਵੱਡਾ ਅਤੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਨ, ਦਲਜੀਤ ਸਿੰਘ ਬਰੜ, ਗੁਰਸੇਵਕ ਸਿੰਘ ਮਾਨ, ਰਾਜਬਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਯਾਦੀ, ਕੁਲਦੀਪ ਨੰਬਰਦਾਰ, ਮੋਹਨਜੀਤ ਸਿੰਘ ਪੁਰੀ, ਸੁਖਦੇਵ ਸਿੰਘ ਬਰੜ, ਬਲਵਿੰਦਰ ਕੌਰ, ਜੋਗਿੰਦਰ ਕੌਰ, ਜਗਦੀਪ ਸਿੰਘ ਗਹਿਰੀ, ਰੋਸ਼ਨ ਗਿਆਨਾ, ਐਮਸੀ ਮੱਖਣ ਸਿੰਘ, ਜੰਗੀਰ ਸਿੰਘ, ਨਛੱਤਰ ਸਿੰਘ, ਰਾਜਦੀਪ ਸਿੰਘ ਸੋਈ, ਮਨਿੰਦਰ ਸਿੰਘ ਸੋਢੀ, ਹਸਰਤ ਮਿੱਡੂ ਖੇੜਾ, ਭੂਪਿਂਦਰ ਭੂਪਾ, ਹਰਪ੍ਰੀਤ ਰਾਜੂ ਤੱਗੜ, ਦਰਸ਼ਨ ਰੋਮਾਨਾ, ਭੂਪਿੰਦਰ ਸਿੰਘ ਚਾਹਲ, ਐਡਵੋਕੇਟ ਵਿਕਰਮ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਸੰਧੂ, ਸੁਮਿਤ ਕੁਮਾਰ ਬਿੰਟਾ, ਜਗਜੀਤ ਸਿੰਘ ਭੁੱਲਰ, ਰਾਜਿੰਦਰ ਸਿੰਘ ਰਾਜੂ ਮਾਨ, ਨੈਬ ਸਿੰਘ ਬਰਾੜ, ਇਕਬਾਲ ਸਿੰਘ ਮਿਠੜੀ, ਬਲਵਿੰਦਰ ਸਿੰਘ ਬੱਲੀ, ਪਰਮਪਾਲ ਸਿੰਘ ਸਿੱਧੂ, ਕਰਮਜੋਗ ਸਿੰਘ ਮਾਨ, ਹਰਤਾਰ ਸਿੰਘ, ਪ੍ਰਿਤਪਾਲ ਸਿੰਘ, ਰਵਿੰਦਰ ਸਿੰਘ ਚੀਮਾ, ਸੁਨੀਲ ਫੌਜੀ, ਨਰਿਂਦਰ ਪਾਲ ਸਿੰਘ ਲਾਡੀ, ਹਰਮਨ ਪਾਲ ਸਿੰਘ ਰਿੰਕਾ, ਹਰਵਿੰਦਰ ਗੰਜੂ, ਭੋਲਾ ਸਿੰਘ ਸਮੇਤ ਹੋਰ ਵਰਕਰ ਵੀ ਮੌਜੂਦ ਸਨ।

