
ਬਠਿੰਡਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋੲੇ ਲਾਇਬ੍ਰੇਰੀ ਦੇ ਪ੍ਰਬੰਧਕ। -ਫੋਟੋ: ਪਵਨ ਸ਼ਰਮਾ
ਪੱਤਰ ਪ੍ਰੇਰਕ
ਬਠਿੰਡਾ, 26 ਮਈ
ਨਗਰ ਨਿਗਮ ਵੱਲੋਂ ਕੱਲ੍ਹ ਪਬਲਿਕ ਲਾਇਬ੍ਰੇਰੀ ਨੂੰ ਆਪਣੇ ਹੱਥਾਂ ਵਿਚ ਲੈਣ ਬਾਰੇ ਨਿਗਰਾਨ ਇੰਜੀਨੀਅਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਪ੍ਰੈੱਸ ਨੋਟ ਨੂੰ ਅੱਜ ਗ਼ਲਤ ਕਰਾਰ ਦਿੰਦਿਆਂ ਸਤਪਾਲ ਆਜ਼ਾਦ ਮੈਮੋਰੀਅਲ ਪਬਲਿਕ ਲਾਇਬ੍ਰੇਰੀ ਦੀ ਮੈਨੇਜਮੈਂਟ ਕਮੇਟੀ ਨੇ ਪ੍ਰੈੱਸ ਕਾਨਫਰੰਸ ਕੀਤੀ। ਅੱਜ ਲਾਇਬ੍ਰੇਰੀ ਦੇ ਪ੍ਰਧਾਨ ਬਲਤੇਜ ਸਿੰਘ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਢੀਂਗਰਾ ਨੇ ਨਿਗਮ ਵੱਲੋਂ ਲਗਾਏ ਘਪਲੇ ਦੇ ਦੋਸ਼ਾਂ ਬਾਰੇ ਕਿਹਾ ਇਹ ਸਾਰਾ ਕੁਝ ਕਾਂਗਰਸ ਸਰਕਾਰ ਸਮੇਂ 20 ਲੱਖ ਦੀ ਗ੍ਰਾਂਟ ਰੋਕਣ ਵਾਲੇ ਆਗੂ ਦੀ ਸ਼ਹਿ ’ਕੇ ਕੀਤਾ ਜਾ ਰਿਹਾ ਹੈ। ਅੱਜ ਲਾਇਬ੍ਰੇਰੀ ਨੂੰ ਬਚਾਉਣ ਲਈ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਹਾਮੀ ਭਰੀ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਕਈ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਰਹੇ।
ਬਲਤੇਜ ਸਿੰਘ ਨੇ ਕਿਹਾ ਕਿ ਇਹ ਲਾਇਬ੍ਰੇਰੀ ਆਜ਼ਾਦੀ ਘੁਲਾਟੀਆਂ ਵੱਲੋਂ 1938 ਵਿੱਚ ਸਥਾਪਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਨਾਲ ਦੁਕਾਨਾਂ ਵੀ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਕਿਰਾਏ ਨਾਲ ਲਾਇਬ੍ਰੇਰੀ ਦਾ ਖ਼ਰਚਾ ਚੱਲਦਾ ਹੈ। ਪ੍ਰਧਾਨ ਨੇ ਕਿਹਾ ਕਿ ਇਸ 1840 ਗਜ਼ ਜਗ੍ਹਾ ਦੀ ਲੀਜ਼ ਕਮੇਟੀ ਅਤੇ ਕਾਰਪੋਰੇਸ਼ਨ ਸਮੇਂ ਸਮੇਂ ’ਤੇ ਨਵਿਆਉਂਦੀ ਰਹੀ ਹੈ। ਉਨ੍ਹਾਂ ਕਿਹਾ ਇਸ ਦੇ ਇੱਕ-ਇੱਕ ਪੈਸੇ ਦਾ ਹਿਸਾਬ ਰੱਖਿਆ ਗਿਆ ਹੈ ਅਤੇ ਹਰ ਸਾਲ ਆਡਿਟ ਕਰਵਾਇਆ ਜਾਂਦਾ ਹੈ। ਗ਼ੌਰਤਲਬ ਹੈ ਕਿ ਨਗਰ ਨਿਗਮ ਨੇ ਪ੍ਰਬੰਧਕਾਂ ’ਤੇ ਬੇਨਿਯਮੀਆਂ ਦੇ ਦੋਸ਼ ਲਗਾਉਂਦੇ ਹੋਏ ਪਬਲਿਕ ਲਾਇਬ੍ਰੇਰੀ ਨੂੰ 31 ਮਈ ਤੱਕ ਖ਼ਾਲੀ ਕਰਨ ਬਾਰੇ ਨੋਟਿਸ ਭੇਜ ਦਿੱਤਾ ਸੀ ਜਿਸ ਦਾ ਸ਼ਹਿਰ ਵਾਸੀਆਂ ਤੇ ਸਾਹਿਤਕ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਅੱਜ ਸੀਪੀਆਈ ਦੇ ਜਰਨਲ ਸਕੱਤਰ ਕਾਮਰੇਡ ਹਰਦੇਵ ਅਰਸ਼ੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ‘ਆਪ’ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਕਿਰਨਜੀਤ ਸਿੰਘ ਗਹਿਰੀ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ