ਸ਼ਗਨ ਕਟਾਰੀਆ
ਬਠਿੰਡਾ, 26 ਸਤੰਬਰ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਅਤੇ ਟੀਐਸਯੂ (ਭੰਗਲ) ਵੱਲੋਂ ਸਾਂਝੇ ਤੌਰ ’ਤੇ ਥਰਮਲ ਕਲੋਨੀ ਤੋਂ ਮਾਰਚ ਕਰਕੇ ਭਾਈ ਘਨ੍ਹੱਈਆ ਚੌਕ ਵਿੱਚ ਸਰਕਾਰ ਵੱਲੋਂ ਜਾਰੀ 12 ਘੰਟੇ ਦੀ ਕੰਮ ਦਿਹਾੜੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਠੇਕਾ ਮੁਲਾਜ਼ਮ ਸੰਘਰਸ਼ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਸੰਦੀਪ ਖ਼ਾਨ ਬਾਲਿਆਂ ਵਾਲੀ, ਅਮਨਦੀਪ ਅਤੇ ਟੀਐੱਸਯੂ ਦੇ ਆਗੂ ਚੰਦਰ ਸ਼ਰਮਾ ਅਤੇ ਸਤਵਿੰਦਰ ਸਿੰਘ ਨੇ ਕਿਹਾ ਕਿ 8 ਘੰਟੇ ਦੀ ਕੰਮ ਦਿਹਾੜੀ ’ਤੇ ਸਰਕਾਰਾਂ ਵੱਲੋਂ ਕੀਤਾ ਇਹ ਹਮਲਾ, ਕੋਈ ਸਾਧਾਰਨ ਹਮਲਾ ਨਹੀਂ। ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਮਈ ਦਿਵਸ ਦੇ ਮਹਾਨ ਸ਼ਹੀਦਾਂ ਵਲੋਂ ਬੰਧੂਆ ਮਜ਼ਦੂਰੀ ਤੋਂ ਮੁਕਤੀ ਪਾਉਣ ਲਈ ਲੜੇ ਲੰਮੇ ਅਤੇ ਸਿਰੜੀ ਸੰਘਰਸ਼ ਦੀ ਇਕ ਅਹਿਮ ਪ੍ਰਾਪਤੀ ਸੀ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਵਿਰਾਸਤ ਦੇ ਰੂਪ ਵਿੱਚ ਰਾਖ਼ੀ ਕਰਨੀ ਸਾਡੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਅਤੇ ਸੂਬਾ ਸਰਕਾਰ ਕਾਰਪੋਰੇਟ ਹਿੱਤਾਂ ਦੀ ਪੂਰਤੀ ਲਈ ਇਸ ਪ੍ਰਾਪਤੀ ਨੂੰ ਖੋਹ ਕੇ ਮਜ਼ਦੂਰਾਂ, ਮੁਲਾਜ਼ਮਾਂ ਦੀ ਜਿੰਦਗੀ ਨੂੰ ਮੁੜ ਬੰਧੂਆ ਮਜ਼ਦੂਰੀ ਵਿੱਚ ਤਬਦੀਲ ਕਰਨ ਦੇ ਰਸਤੇ ’ਤੇ ਤੁਰ ਪਈ ਹੈ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੰਮ ਦਿਹਾੜੀ ਦੇ ਸਮੇਂ ਵਿੱਚ ਵਾਧਾ ਕਰਨ ਦੇ ਇਸ ਲੋਕ ਮਾਰੂ ਫੈਸਲੇ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਜਲਾਲਾਬਾਦ (ਪੱਤਰ ਪ੍ਰੇਰਕ): ਗੁਮਾਨੀਵਾਲਾ ਵਿੱਚ ਵਾਟਰ ਸਪਲਾਈ ਦੇ ਦਫਤਰ ਵਿਚ ਜਲ ਸਪਲਾਈ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਆਲਮਕੇ ਆਦਿ ਨੇ ਸੰਬੋਧਨ ਕੀਤਾ।
ਮੁਲਾਜ਼ਮਾਂ ਵੱਲੋਂ ਕੌਮੀ ਮਾਰਗ ਜਾਮ
ਭੁੱਚੋ ਮੰਡੀ (ਪਵਨ ਗੋਇਲ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ’ਤੇ ਜਾਮ ਲਗਾਇਆ ਅਤੇ ਪੰਜਾਬ ਸਰਕਾਰ ਦੁਆਰਾ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਕਿਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਲੁਟਾਉਣ ਦੇ ਮਨਸੂਬੇ ਨਾਲ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਫ਼ੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਵੀ ਕੀਤੀ। ਇਸ ਮੌਕੇ ਪ੍ਰਧਾਨ ਜਗਰੂਪ ਸਿੰਘ, ਜਰਨਲ ਸਕੱਤਰ ਜਗਸੀਰ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ, ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ 8 ਘੰਟੇ ਕੰਮ ਦਿਹਾੜੀ ਦਾ ਸਮਾਂ ਸਰਕਾਰਾਂ ਨੇ ਕੋਈ ਦਾਨ ਵਿੱਚ ਪਰੋਸਕੇ ਨਹੀਂ ਦਿੱਤਾ, ਸਗੋਂ ਇਹ ਸੰਸਾਰ ਭਰ ਦੇ ਮਜ਼ਦੂਰਾਂ ਵੱਲੋਂ ਇੱਕ ਲੰਮੇ, ਸਿਰੜੀ ਅਤੇ ਜਾਨ ਹੂਲਵੇਂ ਸੰਘਰਸ਼ਾਂ ਦੀ ਪ੍ਰਾਪਤੀ ਹੈ।