
ਪਬਲਿਕ ਲਾਇਬ੍ਰੇਰੀ ਦੀ ਬਾਹਰੀ ਝਲਕ।
ਮਨੋਜ ਸ਼ਰਮਾ
ਬਠਿੰਡਾ, 25 ਮਈ
ਬਠਿੰਡਾ ਸ਼ਹਿਰ ਦੇ ਦਿਲ ਵਜੋਂ ਮਸ਼ਹੂਰ ਗੋਲ ਡਿੱਗੀ ਨਜ਼ਦੀਕ ਆਜ਼ਾਦੀ ਤੋਂ ਪਹਿਲਾਂ ਦੀ ਬਣੀ ਲਗਪਗ ਸਦੀ ਪੁਰਾਣੀ ਪਬਲਿਕ ਲਾਇਬ੍ਰੇਰੀ ਨੂੰ ਨਗਰ ਨਿਗਮ ਵੱਲੋਂ ਤਾਲਾ ਲਾਉਣ ਤਿਆਰੀ ਦੀ ਖ਼ਬਰ ਨਾਲ ਸਾਹਿਤਕ ਪ੍ਰੇਮੀਆਂ ਵਿੱਚ ਰੋਸ ਦੀ ਲਹਿਰ ਹੈ। ਪਤਾ ਲੱਗਾ ਹੈ ਕਿ ਨਗਰ ਨਿਗਮ ਇਸ ਨੂੰ ਤਾਲਾ ਲਾਉਣ ਦੇ ਰੋਅ ਵਿੱਚ ਹੈ ਪਰ ਦੂਜੇ ਪਾਸੇ ਨਿਗਮ ਅਧਿਕਰੀਆਂ ਦਾ ਕਹਿਣਾ ਹੈ ਕਿ ਪਬਲਿਕ ਲਾਇਬ੍ਰੇਰੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਇਹ ਭਰਮ ਫੈਲਾਇਆ ਜਾ ਰਿਹਾ ਹੈ ਜਦੋਂ ਲਾਇਬ੍ਰੇਰੀ ਨੂੰ ਬੰਦ ਕਰਨ ਦੀ ਕੋਈ ਵੀ ਗੱਲ ਨਹੀਂ ਹੈ। ਸ਼ਹਿਰ ਵਿੱਚ ਨਗਰ ਨਿਗਮ ਵੱਲੋਂ ਪਬਲਿਕ ਲਾਇਬ੍ਰੇਰੀ ਵੱਲੋਂ ਬੰਦ ਕਰਨ ਦੇ ਭੇਜੇ ਗਏ ਨੋਟਿਸ ਤੋਂ ਲੋਕ ਕਾਫੀ ਖਫ਼ਾ ਹਨ। ਜ਼ਿਕਰਯੋਗ ਹੈ ਸਤਪਾਲ ਆਜ਼ਾਦ ਮੈਮੋਰੀਅਲ ਪਬਲਿਕ ਲਾਇਬ੍ਰੇਰੀ ਬਠਿੰਡਾ ਵਿੱਚ ਸੁਤੰਤਰਤਾ ਸੰਗਰਮੀਆਂ ਵੱਲੋਂ 1938 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਲਾਇਬ੍ਰੇਰੀ ਦੇ ਭਗਤ ਸਿੰਘ ਧਾਲੀਵਾਲ ਲੰਮਾ ਸਮਾਂ ਪ੍ਰਧਾਨ ਅਤੇ ਜਗਦੀਸ਼ ਸਿੰਘ ਘਈ ਜਰਨਲ ਸੈਕਟਰੀ ਰਹੇ। ਬਠਿੰਡਾ ਵਾਸੀ ਦੱਸਦੇ ਹਨ ਕਿ ਇਸ ਵਿੱਚ ਵੱਖ-ਵੱਖ ਭਸ਼ਾਵਾਂ ਦੀਆਂ 50 ਹਜ਼ਾਰ ਪੁਸਤਕਾਂ ਹਨ ਅਤੇ ਉਰਦੂ ਸਮੇਤ 40 ਦੇ ਕਰੀਬ ਅਖਬਾਰਾਂ ਆਉਂਦੀਆ ਹਨ, ਜਿੱਥੇ ਹਰ ਰੋਜ਼ ਸੈਕੜੇ ਪਾਠਕ ਪੜ੍ਹਨ ਲਈ ਪਹੁੰਚ ਕਰਦੇ ਹਨ। ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਜਰਨਲ ਸੈਕਟਰੀ ਰਣਜੀਤ ਗੌਰਵ ਨੇ ਲਾਇਬ੍ਰੇਰੀ ਬੰਦ ਕਰਨ ਨਿਖੇਧੀ ਕਰਦਿਆਂ ਇਸ ਨੂੰ ਨਾਦਰਸ਼ਾਹੀ ਫ਼ੈਸਲਾ ਕਰਾਰ ਦਿੱਤਾ ਹੈ। ਇਸ ਸਬੰਧੀ ਗੱਲ ਕਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।
ਲਾਇਬ੍ਰੇਰੀ ਬੰਦ ਕਰਨ ਸਬੰਧੀ ਗੱਲਾਂ ਸਿਰਫ ਅਫਵਾਹਾਂ: ਨਿਗਰਾਨ ਇੰਜੀਨੀਅਰ
ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਗੁਪਤਾ ਨੇ ਕਿਹਾ ਕਿ ਪਬਲਿਕ ਲਾਇਬ੍ਰੇਰੀ ਨਜ਼ਦੀਕ ਗੋਲ ਡਿੱਗੀ ਨੂੰ ਬੰਦ ਨਹੀ ਕੀਤਾ ਜਾ ਰਿਹਾ। ਅਸਲ ਤੱਥ ਇਹ ਹੈ ਕਿ ਲਾਇਬ੍ਰੇਰੀ ਦੀ ਜੋ ਮੈਨੇਜਮੈਂਟ ਕਮੇਟੀ ਹੈ ਉਸ ਵੱਲੋਂ ਪਿਛਲੀ ਸਰਕਾਰ ਤੋਂ ਜੋ ਸਰਕਾਰੀ ਗਰਾਂਟ ਪ੍ਰਾਪਤ ਹੋਈ ਹੈ, ਉਸ ਦੀ ਵਰਤੋਂ ਵਿੱਚ ਕਮੇਟੀ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ। ਕਮੇਟੀ ਵੱਲੋਂ ਲਾਇਬ੍ਰੇਰੀ ਦਾ ਸਾਂਭ ਸੰਭਾਲ ਵੀ ਮਾੜੀ ਹੈ। ਸਾਲ 2015 ਤੋਂ ਬਾਅਦ ਲਾਇਬ੍ਰੇਰੀ ਦੀ ਕਮੇਟੀ ਵੱਲੋਂ ਲਾਇਬ੍ਰੇਰੀ ਦੀ ਜਗ੍ਹਾ ਦੀ ਲੀਜ਼ ਵੀ ਨਹੀਂ ਵਧਾਈ ਗਈ ਹੈ ਅਤੇ ਨਾਂ ਹੀ ਲੀਜ਼ ਮਨੀ ਦੀ ਨਗਰ ਨਿਗਮ ਨੂੰ ਅਦਾਇਗੀ ਕੀਤੀ ਗਈ ਹੈ। ਪਿਛਲੇ ਕਾਫੀ ਸਾਲਾਂ ਦੌਰਾਨ ਲਾਇਬ੍ਰੇਰੀ ਮੈਨੇਜਮੈਂਟ ਕਮੇਟੀ ਵੱਲੋਂ ਲਾਇਬ੍ਰੇਰੀ ਅਹਾਤੇ ਵਿੱਚ ਕਾਫੀ ਸਾਰੀ ਕਮਰਸ਼ੀਅਲ ਦੁਕਾਨਾਂ ਦੀ ਅਣਅਧਿਕਾਰਿਤ ਉਸਾਰੀ ਕਰਕੇ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਕਿਰਾਏ ਦਿੱਤਾ ਹੋਇਆ ਹੈ, ਕਿਉਂ ਜੋ ਮੈਨੇਜਮੈਂਟ ਕਮੇਟੀ ਵੱਲੋਂ ਲਾਇਬ੍ਰੇਰੀ ਦੀ ਜਗ੍ਹਾ ਦੀ ਲੀਜ਼ ਸਾਲ 2015 ਤੋਂ ਬਾਅਦ ਨਹੀ ਵਧਾਈ ਗਈ/ਰੀਨਿਊ ਨਹੀਂ ਕਰਵਾਈ ਗਈ। ਮੈਨੇਜਮੈਂਟ ਕਮੇਟੀ ਦਾ ਇਨ੍ਹਾਂ ਦੁਕਾਨਾ ਅਤੇ ਦੁਕਾਨਾਂ ਦੇ ਕਿਰਾਏ ਤੇ ਕੋਈ ਹੱਕ ਨਹੀਂ ਹੈ। ਉਕਤ ਤੱਥਾਂ ਦੇ ਮੁੱਖ ਰੱਖਦੇ ਹੋਏ ਸਥਾਨਕ ਨਗਰ ਨਿਗਮ ਨੇ ਫੈਸਲਾ ਕੀਤਾ ਹੈ, ਕਿ ਪਬਲਿਕ ਲਾਇਬ੍ਰੇਰੀ ਦੀ ਮੈਨੇਜਮੈਂਟ ਬਦਲੀ ਜਾਵੇ। ਲਾਇਬ੍ਰੇਰੀ ਪ੍ਰਬੰਧਨ ਨੂੰ ਹੁਣ ਨਗਰ ਨਿਗਮ, ਬਠਿੰਡਾ ਵੱਲੋਂ ਆਪਣੇ ਹੱਥ ਵਿੱਚ ਲਿਆ ਜਾ ਰਿਹਾ ਹੈ। ਦੂਜੇ ਪਾਸੇ ਪਬਲਿਕ ਲਾਇਬ੍ਰੇਰੀ ਦੇ ਜਰਨਲ ਸੈਕਟਰੀ ਕੁਲਦੀਪ ਸਿੰਘ ਢੀਂਗਰਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੀਟਿੰਗ ਕਰ ਰਹੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ