ਵੈਨੇਜ਼ੁਏਲਾ ਉੱਪਰ ਅਮਰੀਕਨ ਹਮਲੇ ਦੇ ਵਿਰੋਧ ’ਚ ਸੜਕਾਂ ’ਤੇ ਉਤਰਿਆ ਲੋਕ ਮੋਰਚਾ
ਕਨਵੈਨਸ਼ਨ ਅਤੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਏ ਮੋਰਚੇ ਦੇ ਕਾਰਕੁਨ
ਲੋਕ ਮੋਰਚਾ ਪੰਜਾਬ ਨੇ ਵੈਨੇਜ਼ੁਏਲਾ ਉਪਰ ਅਮਰੀਕਨ ਹਮਲੇ ਦਾ ਵਿਰੋਧ ਕਰਨ ਲਈ ਅੱਜ ਇੱਥੇ ਟੀਚਰਜ਼ ਹੋਮ ਵਿੱਚ ਕਨਵੈਨਸ਼ਨ ਕਰਨ ਬਾਅਦ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ।
ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਵੈਨਜ਼ੂਏਲਾ ਵੱਡੇ ਤੇਲ ਭੰਡਾਰਾਂ ਵਾਲਾ ਮੁਲਕ ਹੈ। ਅਮਰੀਕਾ ਵੱਲੋਂ ਵੈਨੇਜ਼ੁਏਲਾ ਉੱਤੇ ਹਮਲਾ ਕਰਨਾ ਅਤੇ ਇਸ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਅਗਵਾ ਕਰਨਾ ਧੱਕੜ ਕਾਰਵਾਈ ਹੈ, ਜਿਸ ਦਾ ਨਿਰੋਲ ਮਕਸਦ ਇਸ ਦੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨਾ ਹੈ। ਉਨ੍ਹਾਂ ਆਖਿਆ ਕਿ 1999 ਵਿੱਚ ਹਿਊਗੋ ਸ਼ਾਵੇਜ਼ ਦੇ ਚੁਣੇ ਜਾਣ ਤੋਂ ਬਾਅਦ ਹੁਣ ਤੱਕ ਅਮਰੀਕਾ ਇੱਥੇ ਆਪਣੇ ਪੱਖੀ ਹਕੂਮਤ ਕਾਇਮ ਕਰਨ ਲਈ ਯਤਨ ਕਰ ਰਿਹਾ ਹੈ। ਜਦੋਂ ਕਿ ਪਹਿਲਾਂ ਹਿਊਗੋ ਸ਼ਾਵੇਜ਼ ਅਤੇ ਫਿਰ ਨਿਕੋਲਸ ਮਾਦੂਰੋ ਅਮਰੀਕੀ ਧੌਂਸ ਅੱਗੇ ਝੁਕਣੋਂ ਅਤੇ ਆਪਣੇ ਦੇਸ਼ ਦੇ ਸੋਮੇ ਸਾਮਰਾਜੀਆਂ ਅੱਗੇ ਨਿਛਾਵਰ ਕਰਨ ਤੋਂ ਇਨਕਾਰੀ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਵੈਨਜ਼ੂਏਲਾ ਦੇ ਲੋਕਾਂ ਨਾਲ ਮਿਲ ਕੇ ਅਮਰੀਕਾ ਦੀ ਇਸ ਧੱਕੜ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਦੇਸ਼ਾਂ ਦੇ ਸੋਮੇ ਹਥਿਆਉਣ ਦੀ ਅਮਰੀਕੀ ਸਾਮਰਾਜੀਆਂ ਦੀ ਨੀਤੀ ਖ਼ਿਲਾਫ਼ ਡਟਣਾ ਚਾਹੀਦਾ ਹੈ ਅਤੇ ਵੈਨਜ਼ੁਏਲਾ ਤੋਂ ਹੱਥ ਪਰ੍ਹੇ ਰੱਖਣ, ਉਸ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਦੀ ਰਿਹਾਈ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਭਾਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੇ ਵਿਰੋਧ ਵਿੱਚ ਭਾਰਤੀ ਹਾਕਮਾਂ ਦਾ ਇਕ ਵੀ ਸ਼ਬਦ ਨਾ ਕਹਿਣਾ, ਸਾਮਰਾਜ ਭਗਤੀ ਨੂੰ ਮੁੜ ਉਜਾਗਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਵਿਰੋਧ ਕਰਨ ਲਈ ਭਾਰਤੀ ਹਕੂਮਤ ਤੋਂ ਮੰਗ ਕਰਨੀ ਬਣਦੀ ਹੈ।
ਸਥਾਨਕ ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਚੌਂਕ ਤੱਕ ਮੁਜ਼ਾਹਰਾ ਕੀਤਾ ਗਿਆ। ਸਟੇਜ ਸਕੱਤਰ ਦੀ ਕਾਰਵਾਈ ਗੁਰਮੁੱਖ ਸਿੰਘ ਵੱਲੋਂ ਨਿਭਾਈ ਗਈ। ਨਵਜੋਤ ਸਿੰਘ ਅਤੇ ਹਰਮੀਤ ਕੋਟਗੁਰੂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।

