
ਬਠਿੰਡਾ ਦੇ ਮੌਜੂਦਾ ਬੱਸ ਅੱਡੇ ਵਿਚ ਖੜ੍ਹੀਆਂ ਬੱਸਾਂ। -ਫੋਟੋ: ਪੰਜਾਬੀ ਟ੍ਰਿਬਿਊਨ
ਮਨੋਜ ਸ਼ਰਮਾ
ਬਠਿੰਡਾ, 5 ਫਰਵਰੀ
ਪੰਜਾਬ ਸਰਕਾਰ ਨੇ ਬਠਿੰਡਾ ਦੇ ਆਧੁਨਿਕ ਬੱਸ ਅੱਡੇ ਲਈ ਮਲੋਟ ਰੋਡ ’ਤੇ ਥਰਮਲ ਪਲਾਂਟ ਦੀ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ, ਜਿਸ ’ਤੇ ਸਵਾਲ ਉੱਠਣ ਲੱਗੇ ਹਨ। ਤਜਵੀਜ਼ਤ ਬੱਸ ਅੱਡੇ ਨੇੜੇ ਵਸੇ ਹਰਦੇਵ ਨਗਰ ਦੇ ਲੋਕਾਂ ਦਾ ਕਹਿਣਾ ਹੈ ਇਥੇ ਲੋਕਾਂ ਨੂੰ ਸਹੂਲਤ ਘੱਟ, ਮੁਸੀਬਤਾਂ ਵੱਧ ਹੋਣਗੀਆਂ। ਲੋਕਾਂ ਦਾ ਕਹਿਣਾ ਹੈ ਨਵਾਂ ਬੱਸ ਅੱਡਾ ਸ਼ਹਿਰ ਦੇ ਇੱਕ ਕੋਨੇ ਵਿੱਚ ਚਲਾ ਜਾਵੇਗਾ, ਜਿਥੇ ਦੋ ਪੁਲ ਪੈਂਦੇ ਹਨ ਤੇ ਉਹ ਪਹਿਲਾਂ ਹੀ ਭੀੜ-ਭਾੜ ਵਾਲਾ ਖੇਤਰ ਹੈ। ਉਪਰੋਂ ਰਹਿੰਦੀ ਕਸਰ ਬੱਸ ਅੱਡੇ ਕਾਰਨ ਵਧਣ ਵਾਲੀ ਆਵਾਜਾਈ ਨੇ ਕੱਢ ਦੇਣੀ ਹੈ। ਇਸ ਵੇਲੇ ਬਠਿੰਡਾ ਬੱਸੇ ਅੱਡੇ ’ਤੇ ਕਰੀਬ 600 ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਹੈ, ਜੋ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਸਮੇਤ ਹੋਰ ਸੂਬਿਆਂ ਨੂੰ ਜਾਂਦੀਆਂ ਹਨ। ਦੂਜੇ ਪਾਸੇ ਬੱਸ ਅੱਡਾ ਸ਼ਹਿਰ ਤੋਂ ਬਾਹਰ ਜਾਣ ਕਾਰਨ ਲੋਕਾਂ ਨੂੰ ਪ੍ਰਸ਼ਾਸਨਕ ਕੰਮਾਂ-ਕਾਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਆਉਣ ਵਿੱਚ ਦਿੱਕਤ ਹੋਇਆ ਕਰੇਗੀ। ਕਿਉਂਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਹੋਰ ਸਰਕਾਰੀ ਦਫ਼ਤਰ ਮੌਜੂਦਾ ਬੱਸ ਅੱਡੇ ਦੇ ਬਿਲਕੁਲ ਨੇੜੇ ਪੈਂਦੇ ਹਨ ਅਤੇ ਲੋਕ ਆਰਾਮ ਨਾਲ ਬੱਸ ਅੱਡੇ ਤੋਂ ਸਰਕਾਰੀ ਦਫ਼ਤਰਾਂ ਵਿੱਚ ਚਲੇ ਜਾਂਦੇ ਹਨ। ਫਿਰ ਉਹ ਵਾਧੂ ਕਿਰਾਇਆ ਖਰਚ ਕਰਕੇ ਆਇਆ ਕਰਨਗੇ। ਸ਼ਹਿਰ ਵਾਸੀ ਡਾ. ਅਜੀਤ ਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਅੱਡਾ ਛਾਉਣੀ ਖੇਤਰ ਨੇੜੇ ਬਣਾਉਣ ਦੀ ਤਜਵੀਜ਼ ਸੀ, ਜੋ ਮੌਜੂਦਾ ਤਜਵੀਜ਼ਤ ਅੱਡੇ ਨਾਲੋਂ ਬਿਹਤਰ ਜਾਪਦੀ ਸੀ। ਕਿਉਂਕਿ ਮਾਨਸਾ ਰੋਡ ਤੋਂ ਬਰਨਾਲਾ ਰੋਡ ਨੂੰ ਬਾਈਪਾਸ ਪਹਿਲਾਂ ਹੀ ਬਣਿਆ ਹੋਇਆ ਹੈ। ਇਸ ਰਸਤੇ ਕੋਈ ਪੁਲ ਵੀ ਨਹੀਂ ਕਰਾਸ ਕਰਨਾ ਪੈਂਦਾ। ਸ਼ਹਿਰੀਆਂ ਨੂੰ ਇਹ ਦੂਰ ਵੀ ਨਹੀਂ ਪੈਂਦਾ ਅਤੇ ਲੋਕਾਂ ਨੂੰ ਆਵਾਜਾਈ ਦੀ ਕੋਈ ਸਮੱਸਿਆ ਵੀ ਨਹੀਂ ਆਉਣੀ ਸੀ। ਨਗਰ ਸੁਧਾਰ ਟਰੱਸਟ ਨੇ ਇਸ ਸਬੰਧੀ ਵਿਉਂਤ ਪਹਿਲਾਂ ਬਣਾ ਵੀ ਲਈ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਰਾਣੀ ਤਜਵੀਜ਼ ਨਵੀਂ ਨਾਲੋਂ ਬਿਹਤਰ ਸੀ ਪਰ ਮਿਲਟਰੀ ਸਟੇਸ਼ਨ ਨੂੰ ਅੱਡੇ ਦੀ ਤੀਜੀ ਮੰਜ਼ਿਲ ’ਤੇ ਇਤਰਾਜ਼ ਹੋਣ ਕਾਰਨ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। ਜ਼ਿਕਰਯੋਗ ਹੈ ਕਿ ਉਕਤ ਬੱਸ ਸਟੈਂਡ ਦਾ ਨੀਂਹ ਪੱਥਰ ਸਾਲ 2016 ਦੌਰਾਨ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਥਰਮਲ ਦੀ ਥਾਂ ਨੂੰ ਉਸਾਰੀਯੋਗ ਬਣਾਉਣ ਲਈ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਕੰਮ ਵੀ ਕਾਫੀ ਖਰਚੀਲਾ ਤੇ ਜੋਖਮ ਭਰਿਆ ਹੋਵੇਗਾ।
ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨਾਲ ਲੋਕਾਂ ਦਾ ਕਾਫੀ ਮੋਹ
ਬਠਿੰਡਾ ਦਾ ਮੌਜੂਦਾ ਬੱਸ ਅੱਡਾ ਸ਼ਹਿਰ ਦੇ ਕੇਂਦਰ ਵਿੱਚ ਹੈ। ਪਿੰਡਾਂ ਵਾਲੇ ਲੋਕਾਂ ਨੂੰ ਇਸ ਬੱਸ ਸਟੈਂਡ ਨਾਲ ਕਾਫੀ ਮੋਹ ਹੈ ਕਿਉਂਕਿ ਇਸ ਦੇ ਨੇੜੇ ਅਦਾਲਤੀ ਕੰਪਲੈਕਸ ਸੀ ਅਤੇ ਉਥੇ ਹੀ ਸਾਰੇ ਸਰਕਾਰੀ ਦਫ਼ਤਰ ਹੋਣ ਕਾਰਨ ਲੋਕ ਅਪਣਾ ਕੰਮਕਾਜ ਨੇਪਰੇ ਚਾੜ੍ਹ ਕੇ ਆਸਾਨੀ ਨਾਲ ਵਾਪਸੀ ਕਰ ਲੈਂਦੇ ਹਨ। ਉਧਰ ਸਰਕਾਰੀ ਕਾਲਜ ਮੌਜੂਦਾ ਬੱਸ ਅੱਡੇ ਦੇ ਨਜ਼ਦੀਕ ਹੋਣ ਵਿਦਿਆਰਥੀਆਂ ਦੀ ਖੱਜਲ-ਖੁਆਰੀ ਘੱਟ ਹੈ। ਪੀਆਰਟੀਸੀ ਦੇ ਜਰਨਲ ਮੈਨੇਜਰ ਅਮਰਵੀਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਇਸ ਬਾਰੇ ਸਰਕਾਰ ਨੇ ਤੈਅ ਕਰਨਾ ਹੈ। ਉਨ੍ਹਾਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ