ਕਿਸਾਨੀ ਸੰਘਰਸ: ਆਰ-ਪਾਰ ਦੇ ਘੋਲ ਲਈ ਤਿੱਖੀਆਂ ਹੋਣ ਲੱਗੀਆਂ ਸਾਣ ’ਤੇ ਸੋਚਾਂ

ਖਿੱਚੀਆਂ ਜਾ ਰਹੀਆਂ ਹਨ ਦੇਸ਼-ਵਿਆਪੀ ਅੰਦੋਲਨ ਲਈ ਲਕੀਰਾਂ; ਬੀਕੇਯੂ(ਉਗਰਾਹਾਂ) ਨੇ ਭਲਕੇ ਮੀਟਿੰਗ ਸੱਦੀ

ਕਿਸਾਨੀ ਸੰਘਰਸ: ਆਰ-ਪਾਰ ਦੇ ਘੋਲ ਲਈ ਤਿੱਖੀਆਂ ਹੋਣ ਲੱਗੀਆਂ ਸਾਣ ’ਤੇ ਸੋਚਾਂ

ਸ਼ਗਨ ਕਟਾਰੀਆ
ਬਠਿੰਡਾ/ਜੈਤੋ, 28 ਅਕਤੂਬਰ
ਕਿਸਾਨੀ ਅੰਦੋਲਨ ਚੌਥੇ ਹਫ਼ਤੇ ਦੇ ਆਖ਼ਰੀ ਦਿਨ ਵੀ ਜੋਬਨ ’ਤੇ ਰਿਹਾ। ਆਏ ਦਿਨ ਸੰਘਰਸ਼ਕਾਰੀਆਂ ਦੇ ਜਜ਼ਬੇ ਦੀਆਂ ਛੱਲਾਂ ਉੱਚੀਆਂ ਹੋ ਰਹੀਆਂ ਹਨ। ਅੰਨਦਾਤਿਆਂ ’ਤੇ ਇਕ ਬੰਨੇ ਫ਼ਸਲ ਦੀ ਵਾਢੀ ਦਾ ਜ਼ੋਰ ਅਤੇ ਦੂਜੇ ਪਾਸੇ ਭਵਿੱਖ ਠੁੰਗਣ ਵਾਲਿਆਂ ਤੋਂ ਰਾਖ਼ੀ ਦਾ ਫ਼ਿਕਰ ਹੈ। ਨਗਰਾਂ ’ਚੋਂ ਟਰਾਲੀਆਂ ਰਾਹੀਂ ਲੋਕ ਨਾਅਰੇ ਲਾਉਂਦੇ ਧਰਨਿਆਂ ’ਚ ਸ਼ਮੂਲੀਅਤ ਕਰ ਰਹੇ ਹਨ। ਬਠਿੰਡਾ ’ਚ ਰੇਲ ਪਟੜੀਆਂ ਨੇੜਲੇ ਧਰਨੇ ਨੂੰ ਸੰਬੋਧਨ ਦੌਰਾਨ ਕਿਸਾਨ ਆਗੂਆਂ ਬਲਕਰਨ ਬਰਾੜ, ਅਮਰਜੀਤ ਸਿੰਘ ਹਨੀ, ਬਲਵਿੰਦਰ ਸਿੰਘ ਗੰਗਾ, ਰਣਜੀਤ ਸਿੰਘ ਜੀਦਾ, ਨਾਇਬ ਸਿੰਘ ਫੂਸ ਮੰਡੀ ਅਤੇ ਗੁਰਦੀਪ ਸਿੰਘ ਨਰੂਆਣਾ ਨੇ ਦੋਸ਼ ਲਾਏ ਕਿ ਕੇਂਦਰ ਸਰਕਾਰ ਕਿਸਾਨੀ ਘੋਲ ਨੂੰ ਰੋਕਣ ਲਈ ਨੀਵੇਂ ਪੱਧਰ ’ਤੇ ਆ ਗਈ ਹੈ। ਉਨ੍ਹਾਂ ਆਖਿਆ ਕਿ ਕਿਸਾਨ ਸੰਗਠਨਾਂ ਨੂੰ ਸਾਜਿਸ਼ੀ ਢੰਗ ਨਾਲ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪੂੰਜੀਪਤੀ ਘਰਾਣਿਆਂ ਦੇ ਵਪਾਰਿਕ ਕੇਂਦਰਾਂ ਦੇ ਘਿਰਾਓ ’ਚ ਜੁਟੀ ਭਾਕਿਯੂ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਅੱਜ ਜੀਦਾ ਟੌਲ ਪਲਾਜ਼ੇ ’ਤੇ ਧਰਨੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰੋਮਾਣਾ ਅਲਬੇਲ ਸਿੰਘ ਅਤੇ ਜੈਤੋ ਦੇ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਜੈਤੋ ਦੇ ਰਿਲਾਇੰਸ ਪੰਪ ’ਤੇ ਕਿਸਾਨਾਂ ਦੇ ਧਰਨੇ ਜਾਰੀ ਹਨ। ਅਗਲੇ ਸੰਘਰਸ਼ ਦੀ ਰੂਪ ਰੇਖਾ ਵਿਉਂਤਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 30 ਅਕਤੂਬਰ ਨੂੰ ਬਠਿੰਡਾ ’ਚ ਮੀਟਿੰਗ ਸੱਦ ਲਈ ਹੈ।

ਮਾਨਸਾ ਰੇਲਵੇ ਪਲੇਟ ਫਾਰਮ ’ਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਰੁਲਦੂ ਸਿੰਘ।-ਫੋਟੋ:ਸੁਰੇਸ਼

ਮਾਨਸਾ(ਜੋਗਿੰਦਰ ਸਿੰਘ ਮਾਨ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਬਣਾਏ ਗਏ ਕਿਸਾਨ ਮਾਰੂ ਖੇਤੀ ਕਾਨੂੰਨ ਜ਼ਰੂਰ ਵਾਪਸ ਹੋਣਗੇ ਅਤੇ ਮੋਦੀ ਸਰਕਾਰ ਝੁਕੇਗੀ ਤੇ ਕਿਸਾਨ ਅੰਦੋਲਨ ਜਿੱਤੇਗਾ। ਇਹ ਪ੍ਰਗਟਾਵਾ ਰੁਲਦੂ ਸਿੰਘ ਮਾਨਸਾ ਨੇ 28ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 250 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਮੋਦੀ ਸਰਕਾਰ ਨੂੰ ਘੇਰਨ ਲਈ 5 ਨਵੰਬਰ ਨੂੰ ਭਾਰਤ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮੇਂ ਆਗੂਆਂ ਨੇ ਕੇਰਲ ਦੀ ਸਰਕਾਰ ਵੱਲੋਂ 16 ਸਬਜ਼ੀਆਂ ਅਤੇ ਫਲਾਂ ਉੱਤੇ ਐਮਐਸਪੀ ਲਾਗੂ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਐਮਐਸਪੀ ਲਾਗੂ ਕਰਨ ਨੂੰ ਕਾਨੂੰਨੀ ਦਰਜਾ ਦੇਣ ਸਮੇਤ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੇ ਕਿਸਾਨ ਅੰਦੋਲਨ ਦੇ ਦਬਾਅ ਹੇਠ ਮੋਦੀ ਸਰਕਾਰ ਨੂੰ ਜਲਦੀ ਹੀ ਗੋਡੇ ਟੇਕਣ ਲਈ ਮਜਬੂਰ ਹੋਣਾ ਪਵੇਗਾ। ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਅਰਸ਼ੀ, ਐਡਵੋਕੇਟ ਜਗਤਾਰ ਸਿੰਘ ਸੰਧੂ ਚੱਕ ਭਾਈਕਾ, ਭਜਨਾ ਸਿੰਘ ਘੁੰਮਣ, ਬਲਵਿੰਦਰ ਸ਼ਰਮਾ, ਸੁਖਦੇਵ ਸਿੰਘ ਅਤਲਾ ਆਦਿ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

ਕਿਸਾਨੀ ਮੋਰਚੇ ’ਚ ਔਰਤਾਂ ਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ

ਬਰਨਾਲਾ ਸਟੇਸ਼ਨ ’ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁਜ਼ਾਹਰਾਕਾਰੀ।

ਬਰਨਾਲਾ(ਪਰਸ਼ੋਤਮ ਬੱਲੀ): ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਬਰਨਾਲਾ ਸਟੇਸ਼ਨ ’ਤੇ ਲੱਗੇ ਕਿਸਾਨ ਮੋਰਚੇ ਦੇ ਅੱਜ 28ਵੇਂ ਦਿਨ ਕਿਸਾਨ ਔਰਤਾਂ ਤੇ ਨੌਜਵਾਨਾਂ ਦੀ ਵਿਸ਼ੇਸ਼ ਤੌਰ ‘ਤੇ ਭਰਵੀਂ ਸ਼ਮੂਲੀਅਤ ਰਹੀ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਵੱਲ ਗੱਡੀਆਂ ਨਾ ਭੇਜਣ ਦੇ ਮੋਦੀ ਹਕੂਮਤ ਦੇ ਫੈਸਲੇ ਨੂੰ ਸੂਬੇ ਨਾਲ ਸਿੱਧਾ ਵਿਤਕਰਾ ਦੱਸਦਿਆਂ ਕਰੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਖੁਰਾਕ ਬਾਜ਼ਾਰ ‘ਚ ਕਾਬਜ਼ ਕਰਨ ਦੇ ਮੋਦੀ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਖੁਦ ਭਾਜਪਾ ਦਾ ਕਿਸਾਨੀ ਵਿੰਗ ਵੀ ਵਿਰੋਧ ‘ਚ ਆਉਣ ਲਈ ਮਜਬੂਰ ਹੋਇਆ ਹੈ। ਬੁਲਾਰਿਆਂ ‘ਚ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਜਗਸੀਰ ਸੀਰਾ ਤੇ ਬਲਵਿੰਦਰ ਦੁੱਗਲ ਬੀਕੇਯੂ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ ਆਦਿ ਸ਼ਾਮਲ ਸਨ।

ਮੋਦੀ ਦਾ ਕਿਸਾਨਾਂ ਖਿਲਾਫ਼ ਰੇਲ ਰੋਕੋ ਅੰਦੋਲਨ ਮੰਦਭਾਗਾ: ਕਿਸਾਨ ਆਗੂ

ਫਰੀਦਕੋਟ ਰੇਲਵੇ ਸਟੇਸ਼ਨ ’ਤੇ ਧਰਨੇ ਨੂੰ ਸੰਬੋਧਨ ਕਰਦੀ ਵਿਦਿਆਰਥੀ ਆਗੂ।

ਫ਼ਰੀਦਕੋਟ(ਜਸਵੰਤ ਜੱਸ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਇੱਥੇ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਅਣਮਿੱਥੇ ਧਰਨੇ ਵਿੱਚ ਅੱਜ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲਾ ਅਤੇ ਗਾਇਕ ਗੁਰਵਿੰਦਰ ਬਰਾੜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰਾਂ ਖਿਲਾਫ਼ ਅੰਦੋਲਨ ਕਰਦੇ ਹਨ, ਜੋ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਪਰ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਦੇਸ਼ ਦੀ ਮੋਦੀ ਸਰਕਾਰ ਨੇ ਕਿਸਾਨਾਂ ਖਿਲਾਫ਼ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ। ਉਨ੍ਹਾਂ ਸਰਕਾਰ ਦੀ ਇਸ ਕਾਰਵਾਈ ਨੂੰ ਮੰਦਭਾਗਾ ਆਖਦਿਆਂ ਚੇਤਾਵਨੀ ਦਿੱਤੀ ਕਿ ਕਿਸਾਨ ਆਪਣੇ ਹੱਕ ਲੈਣਾ ਜਾਣਦੇ ਹਨ। ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ, ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ, ਮਾਸਟਰ ਸੂਰਜ ਭਾਨ, ਚਰਨਜੀਤ ਸਿੰਘ ਸੁੱਖਣਵਾਲਾ, ਗੁਰਮੀਤ ਸਿੰਘ ਗੋਲੇਵਾਲਾ, ਕੇਸ਼ਵ ਅਜ਼ਾਦ, ਸੁਖਪ੍ਰੀਤ ਕੌਰ ਅਤੇ ਸਾਹਿਲਦੀਪ ਸਿੰਘ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All