ਪੰਚਾਇਤ ਨੇ CM Bhagwant Mann ਨੂੰ ਮੰਗ ਪੱਤਰ ਸੌਂਪਿਆ
ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਨੇੜੇ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਬਠਿੰਡਾ ਦੌਰੇ ਲਈ ਰਵਾਨਾ ਹੋ ਰਹੇ ਸਨ ਅਤੇ ਉਨ੍ਹਾਂ ਦਾ ਕਾਫਲਾ ਕੁਝ ਸਮੇਂ...
ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਨੇੜੇ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਬਠਿੰਡਾ ਦੌਰੇ ਲਈ ਰਵਾਨਾ ਹੋ ਰਹੇ ਸਨ ਅਤੇ ਉਨ੍ਹਾਂ ਦਾ ਕਾਫਲਾ ਕੁਝ ਸਮੇਂ ਲਈ ਰੁਕ ਗਿਆ।
ਜਾਣਕਾਰੀ ਮੁਤਾਬਕ ਪਿੰਡ ਦੀ ਗ੍ਰਾਮ ਪੰਚਾਇਤ ਸਰਪੰਚ ਚਰਨਜੀਤ ਕੌਰ, ਆਮ ਆਦਮੀ ਪਾਰਟੀ ਦੀ ਆਗੂ ਬਲਜਿੰਦਰ ਕੌਰ ਵਿਰਕ ਅਤੇ ਹੋਰ ਪਿੰਡ ਵਾਸੀ ਗੁਰਦੁਆਰਾ ਸਾਹਿਬ ਨੇੜੇ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣ ਲਈ ਪਹੁੰਚੇ ਸਨ। ਸੁਰੱਖਿਆ ਦਸਤਿਆਂ ਵੱਲੋਂ ਸ਼ੁਰੂ ਵਿੱਚ ਉਨ੍ਹਾਂ ਨੂੰ ਕਾਫਲੇ ਨੇੜੇ ਜਾਣ ਤੋਂ ਰੋਕਿਆ ਗਿਆ ਪਰ ਪਿੰਡ ਵਾਸੀਆਂ ਨੇ ਸਪਸ਼ਟ ਕੀਤਾ ਕਿ ਉਹ ਸਿਰਫ ਵਿਕਾਸ ਸਬੰਧੀ ਮੰਗਾਂ ਪੇਸ਼ ਕਰਨਾ ਚਾਹੁੰਦੇ ਹਨ, ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ।
ਬਾਅਦ ਵਿੱਚ ਜਦੋਂ ਕਾਫਲਾ ਪਿੰਡ ਨੇੜੇ ਪਹੁੰਚਿਆ ਤਾਂ ਮੁੱਖ ਮੰਤਰੀ ਦੀ ਗੱਡੀ ਕੁਝ ਪਲਾਂ ਲਈ ਰੁਕੀ ਅਤੇ ਉਨ੍ਹਾਂ ਨੇ ਖੁਦ ਗੱਡੀ ਦਾ ਸ਼ੀਸ਼ਾ ਖੋਲ੍ਹ ਕੇ ਪੰਚਾਇਤ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਪੰਚਾਇਤ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਕੋਟਭਾਈ ਰਜਬਾਹੇ ਨਾਲ ਸਬੰਧਤ ਮੋਘਾ ਨੰਬਰ 99450 ਆਰ ਦੇ ਅਧੀਨ ਪੁਰਾਣੇ ਖਾਲਿਆਂ ਦੀ ਮੁਰੰਮਤ ਅਤੇ ਨਵੇਂ ਖਾਲਿਆਂ ਦੀ ਉਸਾਰੀ, ਕਰੀਬ 4 ਕਿਲੋਮੀਟਰ ਲੰਬੀ ਨਵੀਂ ਨਹਿਰ ਪਾਣੀ ਲਈ ਖਾਲ ਦੀ ਮੰਗ ਸ਼ਾਮਲ ਸੀ। ਇਸ ਤੋਂ ਇਲਾਵਾ ਸਿਵਲ ਏਅਰਪੋਰਟ ਵੱਲ ਅਧੂਰੀ ਪਾਈਪਲਾਈਨ ਪੂਰੀ ਕਰਨ, ਖੇਤੀ ਸਿੰਚਾਈ ਪ੍ਰਣਾਲੀ ਨੂੰ ਸੁਧਾਰਨ, ਪਿੰਡ ਦੀ ਮੁੱਖ ਗਲੀ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕਰਨ ਅਤੇ ਮਨਜ਼ੂਰਸ਼ੁਦਾ ਬੱਸ ਅੱਡੇ ਨੂੰ ਜਲਦੀ ਬਣਾਉਣ ਦੀ ਵੀ ਮੰਗ ਰੱਖੀ ਗਈ।
ਸਰਪੰਚ ਚਰਨਜੀਤ ਕੌਰ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੰਚਾਇਤ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ।
