ਮਨੋਜ ਸ਼ਰਮਾ
ਬਠਿੰਡਾ, 18 ਅਕਤੂਬਰ
ਬਠਿੰਡਾ ਇਲਾਕੇ ਵਿੱਚ ਅੱਜ ਪਏ ਹਲਕੇ ਮੀਂਹ ਨੇ ਜਿਣਸ ਕੇਂਦਰ ਅੰਦਰ ਬੈਠੇ ਕਿਸਾਨਾਂ ਦੇ ਸਾਹ ਸੁਕਾਈ ਰੱਖੇ। ਕਿਸਾਨਾਂ ਨੂੰ ਬੇਮੌਸਮੇ ਮੀਂਹ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਰਕੀਟ ਕਮੇਟੀਆਂ ਦੇ ਅਧੂਰੇ ਪ੍ਰਬੰਧਾਂ ਕਾਰਨ ਮੰਡੀਆਂ ਵਿੱਚ ਝੋਨਾ ਲੈ ਕੇ ਆਏ ਕਿਸਾਨਾਂ ਨੂੰ ਫ਼ਸਲ ਭਿੱਜਣ ਦਾ ਡਰ ਸਤਾਉਂਦਾ ਰਿਹਾ। ਕਿਸਾਨਾਂ ਨੂੰ ਪੱਲਿਓਂ ਤਰਪਾਲਾਂ ਖ਼ਰੀਦ ਕੇ ਆਪਣੇ ਝੋਨੇ ਤੇ ਨਰਮੇ ਦੀ ਫ਼ਸਲ ਢੱਕਣੀ ਪਈ।
ਜ਼ਿਕਰਯੋਗ ਹੈ ਕਿ ਬਠਿੰਡਾ ਹਲਕੇ ਵਿੱਚ ਲੱਖਾਂ ਮੀਟਰਕ ਟਨ ਝੋਨਾ ਖੁੱਲ੍ਹੇ ਆਸਮਾਨ ਹੇਠ ਪਿਆ ਹੈ। ਇੱਥੇ ਹੀ ਬੱਸ ਨਹੀਂ ਅੱਧੀ ਤੋਂ ਵੱਧ ਝੋਨੇ ਦੀ ਫ਼ਸਲ ਖੇਤਾਂ ਵਿੱਚ ਖੜ੍ਹੀ ਹੈ। ਅੱਜ ਮੀਂਹ ਕਾਰਨ ਜਿਣਸ ਕੇਂਦਰ ਅੰਦਰ ਝੋਨੇ ਦੀ ਲੱਗੀ ਬੋਲੀ ਨੂੰ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਕਈ ਦਿਨਾਂ ਤੋਂ ਜਿਣਸ ਕੇਂਦਰ ਬੈਠੇ ਕਿਸਾਨਾਂ ਨੂੰ ਨਿਰਾਸ਼ਾ ਪੱਲੇ ਪਈ। ਅੱਜ ਹੋਈ ਬੇਸਮੌਸਮੀ ਬਾਰਸ਼ ਤੋਂ ਬਾਅਦ ਖੇਤਰ ਦੇ ਕਈ ਪਿੰਡਾਂ ਵਿੱਚ ਝੋਨਾ ਵੱਢ ਰਹੀਆਂ ਕੰਬਾਈਨਾਂ ਨੂੰ ਬਰੇਕ ਲੱਗ ਗਈ। ਬੀਤੇ ਦਿਨ ਤੋਂ ਆਸਮਾਨ ਵਿੱਚ ਬੱਦਲ ਛਾਏ ਹੋਏ ਸਨ ਅਤੇ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਮੌਸਮ ਖਰਾਬ ਰਹਿਣ ਦੀ ਪੇਸ਼ੀਗਨੋਈ ਕੀਤੀ ਹੋਈ ਸੀ। ਅੱਜ ਬਾਅਦ ਦੁਪਹਿਰ ਬਠਿੰਡਾ ਸ਼ਹਿਰ ਤੋਂ ਇਲਾਵਾ ਮਹਿਮਾ ਸਰਜਾ, ਦਿਉਣ, ਬੁਲਾਢੇਵਾਲਾ, ਸਿਵੀਆਂ, ਬੱਲੂਆਣਾ ਵਿੱਚ ਹਲਕਾ ਮੀਂਹ ਪਿਆ ਪਰ ਹੋਰਨਾਂ ਪਿੰਡਾਂ ਵਿੱਚ ਪੂਰਾ ਦਿਨ ਬੱਦਲਵਾਈ ਰਹੀ ਤੇ ਕਿਤੇ-ਕਿਤੇ ਧੁੱਪ ਵੀ ਨਿਕਲੀ।
ਅੱਜ ਵੀ ਮੀਂਹ ਪੈਣ ਦੀ ਸੰਭਾਵਨਾ
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਰਾਜ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਨਾ ਪੈਣ ਦੇ ਬਾਵਜੂਦ ਮੌਸਮ ’ਚ ਬਣੀ ਸਿੱਲ੍ਹ ਨੇ ਸਾਉਣੀ ਦੀਆਂ ਫ਼ਸਲਾਂ ਦੀ ਮੰਡੀਆਂ ਵਿੱਚ ਵੇਚ-ਵੱਟ ਦਾ ਕੰਮ ਰੋਕੀ ਰੱਖਿਆ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਰਾਜ ਵਿੱਚ ਭਲਕੇ ਵੀ ਮੌਸਮ ਅੱਜ ਵਾਂਗ ਹੀ ਰਹਿਣ ਦੀ ਉਮੀਦ ਹੈ ਅਤੇ ਠੰਢ ਵਧਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਵਿੱਚ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਭਲਕੇ ਵੀ ਲਗਭਗ ਹਰ ਜ਼ਿਲ੍ਹੇ ਵਿੱਚ ਹਲਕੀ, ਦਰਮਿਆਨੀ ਅਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਪਹਾੜਾਂ ਵਿੱਚ ਭਾਰੀ ਬਰਫ਼ਬਾਰੀ ਵੀ ਹੋਣ ਦੀ ਸੰਭਾਵਨਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਚੰਡੀਗੜ੍ਹ ਅਤੇ ਉਸ ਦੇ ਨਾਲ ਲੱਗਦੇ ਇਲਾਕੇ ਮੁਹਾਲੀ, ਰੋਪੜ, ਫਤਹਿਗੜ੍ਹ ਸਾਹਿਬ, ਪਟਿਆਲਾ, ਪੰਚਕੂਲਾ, ਅੰਬਾਲਾ, ਕਰਨਾਲ, ਕੁਰੂਕੇਸ਼ਤਰ, ਕੈਂਥਲ, ਯਮਨਾਨਗਰ ਵਿੱਚ ਭਾਰੀ ਤੋਂ ਭਾਰੀ ਬਾਰਸ਼ ਦੀ ਉਮੀਦ ਹੈ। ਇਸੇ ਤਰ੍ਹਾਂ ਪੰਜਾਬ ਭਰ ਤੋਂ ਇਲਾਵਾ ਸਿਰਸਾ, ਹਨੂੰਮਾਨਗੜ੍ਹ ਅਤੇ ਗੰਗਾਨਗਰ ਜ਼ਿਲ੍ਹਿਆਂ ’ਚ ਅਗਲੇ ਦੋ ਦਿਨ ਮੀਂਹ ਪੈ ਸਕਦਾ ਹੈ।