ਮਨੋਜ ਸ਼ਰਮਾ
ਬਠਿੰਡਾ, 19 ਜਨਵਰੀ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਮੈਨੇਜਮੈਂਟ ਤੇ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਲਖਵੀਰ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਸ਼ੁਰੂ ਹੋਇਆ। ਨਗਰ ਕੀਰਤਨ ਦੀ ਸ਼ੁਰੂਆਤ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਅਰਦਾਸ ਕਰਨ ਉਪਰੰਤ ਸਮੂਹ ਮੈਨੇਜਮੈਂਟ ਵੱਲੋਂ ਪੰਜ ਪਿਆਰਿਆਂ ਅਤੇ ਪਹੁੰਚੀਆਂ ਸਖ਼ਸ਼ੀਅਤਾਂ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਸਬਜ਼ੀ ਮੰਡੀ, ਭਾਗੂ ਰੋਡ, ਸੋ ਫੁੱਟੀ ਰੋਡ, ਗੁਰੂ ਨਾਨਕ ਸਕੂਲ, ਬੱਸ ਸਟੈਂਡ, ਮਹਿਣਾ ਚੌਕ, ਸ਼ਹੀਦ ਨੰਦ ਸਿੰਘ ਚੌਕ, ਮਾਲ ਰੋਡ, ਧੋਬੀ ਬਾਜ਼ਾਰ, ਸਦਭਾਵਨਾ ਚੌਕ, ਸਿਰਕੀ ਬਾਜ਼ਾਰ, ਪੁਰਾਣਾ ਥਾਣਾ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿੱਚ ਸਮਾਪਤ ਹੋਇਆ।
ਮਾਨਸਾ (ਪੱਤਰ ਪ੍ਰੇਰਕ): ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਮਾਨਸਾ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਦੀਪ ਨੇ ਦੱਸਿਆ ਕਿ ਸਥਾਨਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ।
ਨਥਾਣਾ (ਭਗਵਾਨ ਦਾਸ ਗਰਗ): ਇਥੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਮੱਘਰ ਸਿੰਘ ਭੌਰਾ ਦੇ ਜਥੇ ਨੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਵਾਰਾਂ ਸੁਣਾਈਆਂ ਤੇ ਨਿਹੰਗ ਸਿੰਘਾਂ ਨੇ ਗਤਕੇ ਜੌਹਰ ਦਿਖਾਏ।
ਝੁਨੀਰ (ਜੀਵਨ ਸਿੰਘ): ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗਿਆਨ ਸਾਗਰ ਵੱਲੋਂ ਕਸਬਾ ਝੁਨੀਰ ਦੇ ਪਿੰਡ ਭੰਮੇ ਖੁਰਦ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੁੰਦਾ ਹੋਇਆ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਉਪਰੰਤ ਸਮਾਪਤ ਹੋਇਆ।
ਦੋਦਾ (ਜਸਵੀਰ ਸਿੰਘ ਭੁੱਲਰ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਧੂਲਕੋਟ ਦੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਹਬਿ ਤੋਂ ਸ਼ੁਰੂ ਹੋ ਕੇ ਮੁੜ ਗੁਰਦੁਆਰਾ ਸਾਹਿਬ ਵਿੱਚ ਸਮਾਪਤ ਹੋਇਆ।