ਮੋਦੀ ਦੀ ‘ਨਾਂਹ’ ਕਿਸਾਨਾਂ ਨੂੰ ਕਟਾਰ ਵਾਂਗ ਚੁਭੀ

ਮੋਦੀ ਦੀ ‘ਨਾਂਹ’ ਕਿਸਾਨਾਂ ਨੂੰ ਕਟਾਰ ਵਾਂਗ ਚੁਭੀ

ਸ਼ਗਨ ਕਟਾਰੀਆ

ਬਠਿੰਡਾ/ਜੈਤੋ, 24 ਅਕਤੂਬਰ

ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ’ਚ ਕਿਸਾਨਾਂ ਦਾ ਰੋਹ ਉਬਾਲੇ ਮਾਰ ਰਿਹਾ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਮੁੜ ਵਿਚਾਰ ਦੀ ‘ਨਾਂਹ’ ਵਿਖਾਵਾਕਾਰੀਆਂ ਨੂੰ ਕਟਾਰ ਵਾਂਗੂੰ ਚੁਭੀ ਹੈ। ਕਿਸਾਨਾਂ ਨੇ ਇਸ ਨੂੰ ਜਮਹੂਰੀ ਕਾਇਦੇ ਤੋਂ ਬਾਹਰ ਦੀ ‘ਤਾਨਾਸ਼ਾਹੀ’ ਤੇ ‘ਹਉਮੈ’ ਭਰੀ ਕਵਾਇਦ ਗਰਦਾਨਿਆ ਹੈ। ਕਿਸਾਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੇ ਭਾਵੇਂ ਬਲਦੀ ’ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ ਪਰ ਉਹ ਜਿੱਤ ਤੱਕ ਆਪਣੀ ਜੰਗ ਜਾਰੀ ਰੱਖਣਗੇ।

ਰੇਲਵੇ ਸਟੇਸ਼ਨ ਬਠਿੰਡਾ ਦੇ ਨਜ਼ਦੀਕ ਰੇਲ ਪਟੜੀ ਅਤੇ ਰਿਫ਼ਾਈਨਰੀ ਦੀ ਰੇਲ ਪਟੜੀ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਭਾਸ਼ਨਾਂ ਅਤੇ ਨਾਅਰੇਬਾਜ਼ੀ ਦਾ ਦੌਰ ਜਾਰੀ ਹੈ। ਇਕ ਵਾਰ ਖਾਲੀ ਕਰਨ ਮਗਰੋਂ ਨਿੱਜੀ ਥਰਮਲਾਂ ਨੂੰ ਬਾਕੀ ਦੇਸ਼ ਨਾਲ ਜੋੜਦੀਆਂ ਰੇਲ ਲਾਈਨਾਂ ਵੀ ਬੀਕੇਯੂ ਉਗਰਾਹਾਂ ਨੇ ਅੱਜ ਮੁੜ ਮੱਲ ਲਈਆਂ। ਰੋਸ ਵਿਖਾਵਿਆਂ ਦੇ ਘੇਰੇ ’ਚ ਵੱਡੇ ਘਰਾਣਿਆਂ ਦੇ ਵਪਾਰਕ ਕੇਂਦਰ ਵੀ ਜਿਉਂ ਦੇ ਤਿਉਂ ਘਿਰੇ ਹੋਏ ਹਨ। ਇਸੇ ਦੌਰਾਨ ਰਾਮਪੁਰਾ ਅਤੇ ਭੁੱਚੋ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਕਿਸਾਨਾਂ ਨੇ ਅੱਜ ਤਿੰਨ ਘੰਟਿਆਂ ਲਈ ਘਿਰਾਓ ਕੀਤਾ। ਜੈਤੋ ਅਤੇ ਰੋਮਾਣਾ ਅਜੀਤ ਸਿੰਘ ਦੇ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ ਤੋਂ ਇਲਾਵਾ ਜੈਤੋ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਕਿਸਾਨ ਧਰਨੇ ਅੱਜ 24ਵੇਂ ਦਿਨ ਵੀ ਜਾਰੀ ਰਹੇ। ਦੂਜੇ ਪਾਸੇ 25 ਅਕਤੂਬਰ ਨੂੰ ਪ੍ਰਧਾਨ ਮੰਤਰੀ, ਕਾਰਪੋਰੇਟਾਂ ਅਤੇ ਦੇਸੀ-ਵਿਦੇਸ਼ੀ ਕੰਪਨੀਆਂ ਦੇ ਪੁਤਲੇ ਸਾੜ ਕੇ ਦਸਹਿਰਾ ਮਨਾਏ ਜਾਣ ਦੀਆਂ ਤਿਆਰੀਆਂ ਵੀ ਅੱਜ ਜ਼ੋਰਾਂ ’ਤੇ ਰਹੀਆਂ।

ਪੈਟਰੋਲ ਪੰਪ ਡੀਲਰਾਂ ਨਾਲ ਮੀਟਿੰਗ ਬੇਸਿੱਟਾ

ਬਠਿੰਡਾ: ਪੈਟਰੋਲ ਪੰਪ ਡੀਲਰਾਂ ਨਾਲ ਭਾਕਿਯੂ (ਉਗਰਾਹਾਂ) ਦੀ ਇਥੇ ਅੱਜ ਟੀਚਰਜ਼ ਹੋਮ ’ਚ ਹੋਈ ਗੱਲਬਾਤ ਕਿਸੇ ਸਿੱਟੇ ’ਤੇ ਨਹੀਂ ਪਹੁੰਚ ਸਕੀ। ਹੁਣ ਸਮੂਹ ਕਿਸਾਨ ਸੰਗਠਨਾਂ ਨਾਲ ਡੀਲਰਾਂ ਦੀ ਫਾਈਨਲ ਮੀਟਿੰਗ 28 ਅਕਤੂਬਰ ਨੂੰ ਹੋਵੇਗੀ। ਖੇਤੀ ਅੰਦੋਲਨ ਦੇ ਘੇਰੇ ’ਚ ਰਿਲਾਇੰਸ ਅਤੇ ਐੱਸਾਰ ਕੰਪਨੀ ਦੇ ਪੈਟਰੋਲ ਪੰਪ ਆਏ ਹੋਏ ਹਨ। ਇਨ੍ਹਾਂ ਕੰਪਨੀਆਂ ਦੇ ਡੀਲਰਾਂ ਵੱਲੋਂ ਜਥੇਬੰਦੀ ਨੂੰ ਇੱਕ ਚਿੱਠੀ ਭੇਜ ਕੇ ਕਾਰੋਬਾਰ ਚਾਲੂ ਕਰਨ ਦੀ ਅਪੀਲ ਕੀਤੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All