ਮਨਪ੍ਰੀਤ ਨੂੰ ਘੇਰਨ ਜਾਂਦੇ ‘ਆਪ’ ਵਿਧਾਇਕ ਪੁਲੀਸ ਨੇ ਘੇਰੇ

ਮਨਪ੍ਰੀਤ ਨੂੰ ਘੇਰਨ ਜਾਂਦੇ ‘ਆਪ’ ਵਿਧਾਇਕ ਪੁਲੀਸ ਨੇ ਘੇਰੇ

ਪੁਲੀਸ ਵੱਲੋਂ ਰੋਕੇ ਜਾਣ ’ਤੇ ਧਰਨਾ ਦਿੰਦੇ ਹੋਏ ‘ਆਪ’ ਵਿਧਾਇਕ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 17 ਅਕਤੂਬਰ

ਬਠਿੰਡਾ ਥਰਮਲ ਦੀ ਜ਼ਮੀਨ ਲੀਜ਼ ’ਤੇ ਪੂੰਜੀਪਤੀ ਵਪਾਰੀਆਂ ਨੂੰ ਸੌਂਪਣ ਦਾ ਵਿਰੋਧ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਥਾਨਕ ਦਫ਼ਤਰ ਦਾ ਘਿਰਾਓ ਕਰਨ ਖਾਤਰ ਫਾਇਰ ਬ੍ਰਿਗੇਡ ਚੌਕ ਤੋਂ ਮਾਰਚ ਕਰ ਰਹੀਆਂ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੂੰ ਪੁਲੀਸ ਨੇ ਵਿੱਤ ਮੰਤਰੀ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਬੈਰੀਕੇਡ ਲਾ ਕੇ ਰਸਤੇ ਵਿੱਚ ਰੋਕ ਲਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਮਾਰਚ ਵਿੱਚ ਸ਼ਾਮਲ ਕਾਰਕੁਨਾਂ ਨੇ ਉਥੇ ਹੀ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ, ਤਹਿਸੀਲਦਾਰ ਵੱਲੋਂ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਵਿਧਾਇਕਾਂ ਤੋਂ ਰਾਜਪਾਲ ਦੇ ਨਾਮ ਮੰਗ ਪੱਤਰ ਲਿਆ ਗਿਆ ਤੇ ਧਰਨਾ ਸਮਾਪਤ ਕਰਵਾਇਆ।

ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫਾਇਦਾ ਪਹੁੰਚਾਉਣ ਲਈ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕੀਤਾ ਅਤੇ ਹੁਣ ਮਨਪ੍ਰੀਤ ਬਾਦਲ ਨੇ ਆਪਣੇ ਵਾਅਦੇ ਦੇ ਉਲਟ ਜਾ ਕੇ ਇਸ ਪਲਾਂਟ ਦੀ ਲਗਪਗ 4000 ਕਰੋੜ ਦੀ ਜ਼ਮੀਨ ਮੁਫ਼ਤ ’ਚ ਲੈਂਡ ਮਾਫ਼ੀਆ ਨੂੰ ਲੁਟਾਉਣ ਦੀ ਤਿਆਰੀ ਕਰ ਲਈ ਹੈ। ਇਸ ਦੌਰਾਨ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇਸ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਦੀ ਵਾਧੂ ਆਮਦਨੀ ਮਿਲ ਸਕਦੀ ਸੀ, ਜਿਸ ਨਾਲ ਮਾਲਵੇ ਦੇ ਕਈ ਜ਼ਿਲ੍ਹਿਆਂ ’ਚ ਪਰਾਲੀ ਦਾ ਸੰਕਟ ਵੀ ਪੱਕੇ ਤੌਰ ’ਤੇ ਹੱਲ ਹੋ ਜਾਣਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All