ਸ਼ਗਨ ਕਟਾਰੀਆ
ਬਠਿੰਡਾ, 22 ਜਨਵਰੀ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਦੇ ਕੋਠੇ ਸੁੱਚਾ ਸਿੰਘ ਨਗਰ, ਆਦਰਸ਼ ਨਗਰ, ਗ੍ਰੀਨ ਸਿਟੀ, ਨਿਊ ਸ਼ਕਤੀ ਨਗਰ, ਬਸੰਤ ਵਿਹਾਰ, ਪਾਵਰ ਹਾਊਸ ਰੋਡ, ਜੁਝਾਰ ਸਿੰਘ ਨਗਰ ਸਮੇਤ ਵਿਰਾਟ ਕਲੋਨੀ ਦਾ ਦੌਰਾ ਕਰਕੇ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ਹਿਰ ’ਚ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਤਫ਼ਸੀਲ ’ਚ ਗਿਣਾਉਂਦਿਆਂ ਵਿਕਾਸ ਦੇ ਨਾਮ ’ਤੇ ਸਮਰਥਨ ਕਰਨ ਦੀ ਅਪੀਲ ਕੀਤੀ।
ਸ੍ਰੀ ਬਾਦਲ ਨੇ ਕਿਹਾ ਕਿ ਆਦਰਸ਼ ਨਗਰ ਵਿਚ ਪਿਛਲੇ 25 ਸਾਲ ਦੀ ਪੁਰਾਣੀ ਸਮੱਸਿਆ ਘਰ-ਘਰ ਸੀਵਰੇਜ ਸਿਸਟਮ ਮੁਹੱਈਆ ਕਰਵਾਉਣ ਦਾ ਮਸਲਾ ਹੱਲ ਹੋਣ ਨਾਲ ਇਸ ਇਲਾਕੇ ਦੀ ਤਸਵੀਰ ਬਦਲ ਗਈ ਹੈ। ਉਨ੍ਹਾਂ ਆਖਿਆ ਕਿ ਮਾਡਲ ਟਾਊਨ ਤੋਂ ਜੋਗਾ ਨੰਦ ਨਗਰ ਨੂੰ ਮਿਲਾਉਣ ਵਾਲੇ ਪੁਲ ਦੇ ਨਿਰਮਾਣ ਨਾਲ ਵੱਡੀ ਰਾਹਤ ਮਿਲੀ ਹੈ ਅਤੇ 80 ਲੱਖ ਦੀ ਲਾਗਤ ਨਾਲ ਸਥਾਪਤ ਕੀਤੇ ਬਾਇਓ ਡਾਇਵਰਸਿਟੀ ਪਾਰਕ ਅਤੇ ਨਿਰਮਾਣ ਹੋ ਰਹੇ ਜੌਗਿੰਗ ਟਰੈਕ ਨੇ ਵੀ ਇਸ ਇਲਾਕੇ ਨੂੰ ਵਿਕਾਸ ਦੀ ਰਾਹ ’ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਏਜੰਡਾ ਸੂਬੇ ਦੀ ਤਰੱਕੀ ਰਿਹਾ ਹੈ ਅਤੇ ਕਾਂਗਰਸ ਸਰਕਾਰ ਦਾ ਹਰ ਫੈਸਲਾ ਲੋਕ ਹਿਤ ’ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ ਅਤੇ ਹਰ ਇਲਾਕੇ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਕੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਕੱਠਾਂ ’ਚ ਪਹੁੰਚੇ ਸ਼ਹਿਰ ਵਾਸੀਆਂ ਨੇ ਵਿੱਤ ਮੰਤਰੀ ਵੱਲੋਂ ਕਰਵਾਏ ਵਿਕਾਸ ਲਈ ਧੰਨਵਾਦ ਕਰਦਿਆਂ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।