ਪਾਸ਼ ਯਾਦਗਾਰ ਵਿੱਚ ਭੰਨ-ਤੋੜ ਨੂੰ ਲੈ ਕੇ ਸਾਹਿਤਕ ਜਥੇਬੰਦੀਆਂ ਵਿੱਚ ਰੋਸ
ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ; ਸਰਪੰਚ ਅਤੇ ਹਮਾਇਤੀਆਂ ’ਤੇ ਯਾਦਗਾਰ ਉੱਤੇ ਕਬਜ਼ੇ ਦੀ ਕੋਸ਼ਿਸ਼ ਦੇ ਇਲਜ਼ਾਮ
ਇਨਕਲਾਬੀ ਕਵੀ ਅਵਤਾਰ ‘ਪਾਸ਼’ ਅਤੇ ਉਨ੍ਹਾਂ ਦੇ ਸਾਥੀ ਹੰਸ ਰਾਜ ਦੀ ਯਾਦ ਵਿੱਚ ਪਿੰਡ ਤਲਵੰਡੀ ਸਲੇਮ ਵਿੱਚ ਬਣੇ ਯਾਦਗਾਰੀ ਕੰਪਲੈਕਸ ਵਿੱਚ ਕਥਿਤ ਭੰਨ-ਤੋੜ ਅਤੇ ਕਬਜ਼ੇ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਲੈ ਕੇ ਕਈ ਸਾਹਿਤਕ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਸਖ਼ਤ ਰੋਸ ਜ਼ਾਹਰ ਕੀਤਾ ਹੈ।
ਸਾਹਿਤ ਸੱਭਿਆਚਾਰ ਮੰਚ (ਰਜਿ.) ਬਠਿੰਡਾ, ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ, ਲੋਕ ਕਲਾ ਮੰਚ ਮਾਨਸਾ ਦੀ ਸੰਚਾਲਿਕਾ ਮਨਜੀਤ ਕੌਰ ਔਲਖ, ‘ਪਰਵਾਜ਼’ ਮੈਗਜ਼ੀਨ ਦੇ ਸੰਪਾਦਕੀ ਮੰਡਲ, ਗ਼ਜ਼ਲਗੋ ਰਣਬੀਰ ਰਾਣਾ ਅਤੇ ਪੱਤਰਕਾਰ-ਲੇਖਕ ਬਲਵਿੰਦਰ ਭੁੱਲਰ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਤਲਵੰਡੀ ਸਲੇਮ ਦੇ ਸਰਪੰਚ ਪਰਦੀਪ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਯਾਦਗਾਰ ਦੇ ਮੁੱਖ ਗੇਟ ਦਾ ਤਾਲਾ ਤੋੜ ਕੇ ਕੰਪਲੈਕਸ ਵਿੱਚ ਦਾਖ਼ਲ ਹੋਣ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ ਯਾਦਗਾਰ ਦੇ ਫਰਸ਼ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਉੱਥੇ ਝੂਲੇ ਅਤੇ ਪੀਂਘਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਜਥੇਬੰਦੀਆਂ ਨੇ ਕਿਹਾ ਕਿ ਕੌਮਾਂਤਰੀ ਪ੍ਰਸਿੱਧੀ ਦੇ ਸ਼ਹੀਦਾਂ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ਨੂੰ ਪਾਰਕ ਦਾ ਰੂਪ ਦੇਣ ਦੀ ਕੋਸ਼ਿਸ਼ ਉਨ੍ਹਾਂ ਦੀ ਕੁਰਬਾਨੀ ਅਤੇ ਵਿਰਾਸਤ ਦਾ ਨਿਰਾਦਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਾਹਿਤਕ ਹਲਕਿਆਂ ਵਿੱਚ ਨਾਰਾਜ਼ਗੀ ਹੈ।
ਸਾਂਝੇ ਬਿਆਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਪਹਿਲਾਂ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਨਾ ਤਾਂ ਜਿੰਦਾ ਤੋੜਿਆ ਹੈ ਕੇ ਨਾ ਹੀ ਗੇਟ ਦਾ ਪੱਲਾ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਗੇਟ ਦਾ ਪੱਲਾ ਪਹਿਲਾਂ ਹੀ ਉਤਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕੰਪਲੈਕਸ ਪੰਚਾਇਤੀ ਥਾਂ ਵਿਚ ਹੈ। ਇਸ ਵਿੱਚ ਸਫ਼ਾਈ ਕਰਵਾ ਕੇ ਪਾਸਿਆਂ ’ਤੇ ਪੰਘੂੜੇ ਲਗਵਾਏ ਗਏ ਹਨ। ਸਰਪੰਚ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਲਈ ਜਗ੍ਹਾ ਨੂੰ ਵਰਤਣਯੋਗ ਬਣਾਉਣ ਲਈ ਇਸ ਦੀ ਸਫ਼ਾਈ ਕਰਵਾ ਰਹੇ ਹਨ ਨਾ ਕਿ ਕਬਜ਼ਾ ਕਰ ਰਹੇ ਹਨ।

