ਕਿਸਾਨ ਪਰਿਵਾਰ ਦੀ ਧੀ ਖੁਸ਼ਪ੍ਰੀਤ ਨੇ ਬਾਜ਼ੀ ਮਾਰੀ

ਕਿਸਾਨ ਪਰਿਵਾਰ ਦੀ ਧੀ ਖੁਸ਼ਪ੍ਰੀਤ ਨੇ ਬਾਜ਼ੀ ਮਾਰੀ

ਪਿੰਡ ਬੱਲ੍ਹੋ ਦੀ ਖੁਸ਼ਪ੍ਰੀਤ ਕੌਰ ਨਤੀਜੇ ਮਗਰੋਂ ਆਪਣੇ ਮਾਪਿਆਂ ਨਾਲ ਖੁਸ਼ੀ ਮਨਾਉਂਦੀ ਹੋਈ।

ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਗਸਤ

ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੇ ਕਿਸਾਨ ਪਰਿਵਾਰ ਦੀ ਧੀ ਖੁਸ਼ਪ੍ਰੀਤ ਕੌਰ ਨੇ ਆਈਏਐੱਸ ਦੀ ਪ੍ਰੀਖਿਆ ’ਚ ਬਾਜ਼ੀ ਮਾਰ ਲਈ ਹੈ। ਖੁਸ਼ਪ੍ਰੀਤ ਕੌਰ ਨੇ ਅੱਜ ਮਾਪਿਆਂ ਦੀ ਖੁਸ਼ੀ ਨੂੰ ਖੰਭ ਲਾ ਦਿੱਤੇ। ਸਿਵਿਲ ਪ੍ਰੀਖਿਆ ਦੇ ਅੱਜ ਐਲਾਨੇ ਨਤੀਜੇ ਵਿੱਚ ਖੁਸ਼ਪ੍ਰੀਤ ਕੌਰ ਦਾ 352ਵਾਂ ਰੈਂਕ ਆਇਆ। ਊਸਨੇ ਪਿੰਡ ਬੱਲ੍ਹੋ ’ਚੋਂ ਪ੍ਰਾਇਮਰੀ ਤਕ ਪੜ੍ਹਾਈ ਕੀਤੀ ਅਤੇ ਰਾਮਪੁਰਾ ਤੇ ਬਠਿੰਡਾ ਦੇ ਸਕੂਲਾਂ ’ਚੋਂ ਸੀਨੀਅਰ ਸੈਕੰਡਰੀ ਪ੍ਰੀਖਿਆ ਪਾਸ ਕੀਤੀ। ਪਿੰਡ ਬੱਲ੍ਹੋ ਦੇ ਮਰਹੂਮ ਕਿਸਾਨ ਗੁਰਚਰਨ ਸਿੰਘ ਦਰਮਿਆਨੀ ਕਿਸਾਨੀ ’ਚੋਂ ਸਨ ਜਿਨ੍ਹਾਂ ਦੀ ਕਿਰਤ ਤੇ ਘਾਲਣਾ ਵਜੋਂ ਦੋਵੇਂ ਬੇਟੇ ਪਾਵਰਕੌਮ ਵਿਚ ਫਾਰਮਾਸਿਸਟ ਨਿਯੁਕਤ ਹੋਏ। ਵੱਡਾ ਬੇਟਾ ਜਗਜੀਤ ਸਿੰਘ ਹੁਣ ਰੋਪੜ ਥਰਮਲ ਵਿੱਚ ਫਾਰਮਾਸਿਸਟ ਵਜੋਂ ਤਾਇਨਾਤ ਹੈ, ਜਿਨ੍ਹਾਂ ਦੀ ਬੇਟੀ ਖੁਸ਼ਪ੍ਰੀਤ ਕੌਰ ਨੇ ਪੀਸੀਐੱਸ ਮਗਰੋਂ ਹੁਣ ਆਈਏਐੱਸ ਬਣਨ ਦਾ ਟੀਚਾ ਹਾਸਲ ਕਰ ਲਿਆ ਹੈ। ਖੁਸ਼ਪ੍ਰੀਤ ਨੇ ਸੁਨਾਮ ਤੋਂ ਬੀਡੀਐੱਸ ਕੀਤੀ। ਪੜ੍ਹਾਈ ਮਗਰੋਂ ਉਹ ਦੋ ਸਾਲ ਐੱਸਬੀਆਈ ਵਿੱਚ ਡਿਪਟੀ ਮੈਨੇਜਰ ਵਜੋਂ ਤਾਇਨਾਤ ਰਹੀ। ਸਾਲ 2015 ਵਿੱਚ ਹੀ ਉਹ ਪੀਸੀਐੱਸ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਈਟੀਓ ਵਜੋਂ ਨਿਯੁਕਤ ਹੋਈ। ਖੁਸ਼ਪ੍ਰੀਤ ਦਾ ਪਤੀ ਹਰਚਰਨ ਸਿੰਘ ਗਿੱਲ ਵੀ ਪਟਿਆਲਾ ਜੇਲ੍ਹ ਵਿੱਚ ਬਤੌਰ ਡੀਐੱਸਪੀ ਤਾਇਨਾਤ ਹੈ। ਉਸ ਦੀ ਮਾਂ ਜਸਪਾਲ ਕੌਰ ਨੇ ਦੱਸਿਆ ਕਿ ਖੁਸ਼ਪ੍ਰੀਤ ਕੌਰ ਰੋਜ਼ਾਨਾ ਡਿਊਟੀ ਮਗਰੋਂ ਚਾਰ ਘੰਟੇ ਪੜ੍ਹਾਈ ਕਰਦੀ ਸੀ ਅਤੇ ਛੁੱਟੀ ਵਾਲੇ ਦਿਨਾਂ ਵਿਚ 10 ਘੰਟੇ ਪੜ੍ਹਾਈ ਨੂੰ ਦਿੰਦੀ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All