ਮਨੋਜ ਸ਼ਰਮਾ
ਬਠਿੰਡਾ, 8 ਅਗਸਤ
ਬਠਿੰਡਾ ਦੇ ਮ੍ਰਿਣਾਲ ਗਰਗ (17) ਨੇ ਸੋਮਵਾਰ ਨੂੰ ਐਲਾਨੇ ਗਏ ਜੇਈਈ ਮੇਨਜ਼ ਸੈਸ਼ਨ-2 ਦੀ ਦਾਖਲਾ ਪ੍ਰੀਖਿਆ ਦੇ ਨਤੀਜਿਆਂ ਵਿੱਚ 300 ’ਚੋਂ 300 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਤੇ ਦੇਸ਼ ਪੱਧਰ ’ਤੇ ਪੰਜਵਾਂ ਰੈਂਕ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲੇ ਛੇ ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ 300 ’ਚੋਂ 300 ਅੰਕ ਪ੍ਰਾਪਤ ਕੀਤੇ ਹਨ, ਪਰ ਉਮਰ ਦੇ ਮਾਪਦੰਡ ਅਨੁਸਾਰ ਸਥਾਨਕ ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਮ੍ਰਿਣਾਲ ਗਰਗ ਨੂੰ 5ਵਾਂ ਰੈਂਕ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਮ੍ਰਿਣਾਲ ਨੇ ਜੁਲਾਈ ਵਿੱਚ ਵੀ ਜੇਈਈ ਮੇਨਜ਼ ਸੈਸ਼ਨ-1 ਦੀ ਪ੍ਰੀਖਿਆ ਵਿੱਚ 300 ’ਚੋਂ 300 ਅੰਕ ਪ੍ਰਾਪਤ ਕੀਤੇ ਸਨ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਮ੍ਰਿਣਾਲ ਦੇ ਪਿਤਾ ਚਰਨਜੀਤ ਗਰਗ ਨੇ ਕਿਹਾ, ‘ਇਹ ਕਿਸੇ ਵੀ ਮਾਪਿਆਂ ਲਈ ਸੱਚਮੁੱਚ ਮਾਣ ਵਾਲੀ ਗੱਲ ਹੈ। ਸਾਡੇ ਬੇਟੇ ਨੇ ਪੂਰੇ 300 ਅੰਕ ਪ੍ਰਾਪਤ ਕਰਕੇ ਭਾਰਤ ਵਿੱਚ 5ਵਾਂ ਰੈਂਕ ਹਾਸਲ ਕੀਤਾ ਹੈ। ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਆਪਣੀ ਡਿਗਰੀ ਪੂਰੀ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਣਾਲ ਬਚਪਨ ਤੋਂ ਹੀ ਪੜ੍ਹਨ ਲਿਖਣ ਦਾ ਸ਼ੌਕੀਨ ਸੀ ਤੇ ਹਮੇਸ਼ਾ ਆਪਣੀ ਜਮਾਤ ਵਿੱਚੋਂ ਅੱਵਲ ਆਉਂਦਾ ਰਿਹਾ ਹੈ। ਮ੍ਰਿਣਾਲ ਦੇ ਪਿਤਾ ਸਰਜੀਕਲ ਉਪਕਰਨਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਤੇ ਮਾਤਾ ਰੇਣੂ ਬਾਲਾ ਘਰ ਸੰਭਾਲਦੇ ਹਨ। ਚਰਨਜੀਤ ਗਰਗ ਨੇ ਦੱਸਿਆ ਕਿ ਮ੍ਰਿਣਾਲ ਨੇ ਦਸਵੀਂ ਦੀ ਪ੍ਰੀਖਿਆ ਵਿੱਚ 97 ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ।