ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬੁਲਾਰੇ ਨੇ ਪੰਥਕ ਏਕਤਾ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਖ਼ਤ ਕਦਮ ਚੁੱਕਣ ਦੀ ਸਲਾਹ ਦੇਣ ਸਣੇ ਸਮੁੱਚੇ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਲੈਣ ਦਾ ਮਸ਼ਵਰਾ ਦੇ ਕੇ ਬਾਦਲਾਂ ’ਤੇ ਨਿਸ਼ਾਨਾ ਸੇਧਿਆ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬੁਲਾਰੇ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਨੇ ਅੱਜ ਇੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਤਰ ਹੋਣ ਦੇ ਦਿੱਤੇ ਸੁਨੇਹੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੌਮ ਦੀ ਇੱਕਸੁਰਤਾ ਜ਼ਰੂਰੀ ਹੈ।
ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਂਅ ਹੇਠ ਕੰਮ ਕਰਦੀਆਂ ਸਮੂਹ ਜਥੇਬੰਦੀਆਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਲੈ ਕੇ ਪੰਥ ਦੀ ਇਕਸੁਰਤਾ ਲਈ ਦਿਸ਼ਾ ਤੇ ਦਸ਼ਾ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੂੰ ਇਕੱਲੇ ਸੰਦੇਸ਼ ਨਾਲ ਨਹੀਂ ਸਗੋਂ ਸਖ਼ਤੀ ਨਾਲ ਹੁਕਮ ਲਾਗੂ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੌਮ ਅੰਦਰ ਲਾਲਚੀ ਅਤੇ ਸੁਆਰਥੀ ਲੋਕਾਂ ਦੇ ਕਬਜ਼ਾਧਾਰੀ ਹੋਣ ਕਰ ਕੇ ਉਹ ਕੌਮ ਦੇ ਭਲੇ ਲਈ ਤਿਆਗ ਅਤੇ ਕੁਰਬਾਨੀ ਵਾਲੇ ਜਜ਼ਬੇ ਤੋਂ ਕੋਰੇ ਹਨ। ਉਨ੍ਹਾਂ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਸ ਸਬੰਧ ’ਚ ਫ਼ੈਸਲਾ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਵਾਂਗ ਹੁਕਮ ਸੁਣਾ ਕੇ ਲਾਗੂ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਹਾਲ ’ਚ ਹੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਵੀ ਬਾਦਲ ਮੁਕਤ ਸ਼੍ਰੋਮਣੀ ਅਕਾਲੀ ਦਲ ਹੋਣ ਦੀ ਸ਼ਰਤ ’ਤੇ ਏਕਤਾ ਦੀ ਗੱਲ ਕਹਿ ਚੁੱਕੇ ਹਨ।