ਪਾਲ ਸਿੰਘ ਨੌਲੀ
ਜਲੰਧਰ, 24 ਜਨਵਰੀ
ਪੰਜਾਬ ਭਰ ਵਿੱਚ ਕਿਸਾਨਾਂ ਨੇ ਅੱਜ ਟਰੈਕਟਰ ਮਾਰਚ ਕੀਤੇ। ਜਲੰਧਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ’ਚ ਹਿੱਸਾ ਲੈਣ ਲਈ ਸੈਂਕੜੇ ਨੌਜਵਾਨ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਨੂੰ ਰਵਾਨਾ ਹੋਏ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ ਅਤੇ ਯੂਥ ਵਿੰਗ ਦੇ ਕੋ-ਕਨਵੀਨਰ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਫਾਸ਼ੀਵਾਦੀ ਨੀਤੀ ਤਹਿਤ ਹੀ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਪਹੁੰਚਾਉਣ ਕਾਰਨ ਹੀ ਕਾਨੂੰਨ ਰੱਦ ਨਹੀਂ ਕਰ ਰਹੀ। ਇਸ ਮੌਕੇ ਮੰਗਾ ਸਿੰਘ ਸ਼ਾਦੀਪੁਰ ਵਲੋਂ ਦਿੱਲੀ ਜਾਣ ਵਾਲੇ ਟਰੈਕਟਰਾਂ ਦੀ ਮੁਰੰਮਤ ਵੀ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ। ਪਵਨਦੀਪ ਸਿੰਘ, ਜਸਵੀਰ ਸਿੰਘ, ਰਸ਼ਪਾਲ ਸਿੰਘ, ਕੁਲਵੀਰ ਸਿੰਘ, ਸੁਖਦੀਪ ਸਿੰਘ, ਦਵਿੰਦਰ ਸਿੰਘ ਬਸਰਾ ਹਾਜ਼ਰ ਸਨ।