ਜੇਲ੍ਹ ਭਰੋ ਅੰਦੋਲਨ: ਕਿਸਾਨ ਯੂਨੀਅਨ ਵਰਕਰਾਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ

ਜੇਲ੍ਹ ਭਰੋ ਅੰਦੋਲਨ: ਕਿਸਾਨ ਯੂਨੀਅਨ ਵਰਕਰਾਂ ਨੇ ਦਿੱਤੀਆਂ ਗ੍ਰਿਫ਼ਤਾਰੀਆਂ

ਬਠਿੰਡਾ ਵਿੱਚ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਬੱਸ ’ਚ ਲਿਜਾਂਦੀ ਹੋਈ ਪੁਲੀਸ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 10 ਅਗਸਤ

ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਵਿਆਪੀ ‘ਜੇਲ੍ਹ ਭਰੋ’ ਸੰਘਰਸ਼ ਤਹਿਤ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵਰਕਰਾਂ ਨੇ ਗ੍ਰਿਫ਼ਤਾਰੀਆਂ ਦੇਣ ਲਈ ਖੁਦ ਨੂੰ ਪ੍ਰਸ਼ਾਸਨ ਅੱਗੇ ਪੇਸ਼ ਕੀਤਾ। ਪੁਲੀਸ ਕਿਸਾਨਾਂ ਨੂੰ ਹਿਰਾਸਤ ’ਚ ਲੈ ਕੇ ਓਪਨ ਜੇਲ੍ਹ ਬਣਾਏ ਸਟੇਡੀਅਮ ’ਚ ਲੈ ਗਈ।

ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਤੇ ਜੋਧਾ ਸਿੰਘ ਨੰਗਲਾਂ ਦੀ ਅਗਵਾਈ ਵਿੱਚ ਚਿਲਡਰਨ ਪਾਰਕ ’ਚ ਇਕੱਠੇ ਹੋਏ ਕਿਸਾਨਾਂ ਨੇ ਰੋਸ ਮਾਰਚ ਕਰਦਿਆਂ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਮੁਖਤਿਆਰ ਸਿੰਘ ਰਾਜਕੁੱਬੇ ਨੇ ਕਿਹਾ ਕਿ ਕੇਂਦਰ ‘ਗੈਟ ਸਮਝੌਤੇ’ ਨੂੰ ਅਮਲੀ ਰੂਪ ਦੇ ਰਹੀ ਹੈ। ‘ਇਕ ਦੇਸ਼, ਇਕ ਮੰਡੀ’ ਦੇ ਫ਼ਾਰਮੂਲੇ ਤਹਿਤ ਮੰਡੀਕਰਨ ਪ੍ਰਬੰਧ ਖਤਮ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ’ਤੇ ਬਹੁਕੌਮੀ ਕੰਪਨੀਆਂ ਅਤੇ ਦੇਸੀ ਸਰਮਾਏਦਾਰੀ ਦਾ ਕਬਜ਼ਾ ਕਰਵਾਉਣ ਦੀਆਂ ਤਿਆਰੀਆਂ ਹਨ। ਆਰਡੀਨੈਂਸਾਂ ਰਾਹੀਂ ਅਜਿਹੀ ਵਿਵਸਥਾ ਤਿਆਰ ਕੀਤੀ ਗਈ ਹੈ ਕਿ ਜ਼ਮੀਨਾਂ ਚੁੱਪ-ਚੁਪੀਤੇ ਵੱਡੇ ਘਰਾਣਿਆਂ ਦੇ ਨਾਂਅ ਹੋ ਜਾਣਗੀਆਂ ਅਤੇ ਕਿਸਾਨ ਕੁਝ ਵੀ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਹ ਫੈਸਲੇ ਅੰਨਦਾਤੇ ਦੀ ‘ਮੌਤ ਦਾ ਵਾਰੰਟ’ ਹਨ ਅਤੇ ਇਨ੍ਹਾਂ ਫੈਸਲਿਆਂ ਨੂੰ ਰੱਦ ਹੋਣ ਤੱਕ ਯੂਨੀਅਨ ਟਿਕ ਕੇ ਨਹੀਂ ਬੈਠੇਗੀ ਅਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਕੇ ਸਰਕਾਰ ਲਈ ਵਖ਼ਤ ਖੜ੍ਹਾ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਆਰਡੀਨੈਂਸ ਕਿਸਾਨੀ ਨਾਲ ਸਿੱਧੇ-ਅਸਿੱਧੇ ਰੂਪ ’ਚ ਜੁੜੇ ਸਮੁੱਚੇ ਵਰਗਾਂ ਲਈ ਘਾਤਕ ਹਨ।

ਪ੍ਰਦਰਸ਼ਨ ਵਿਚ ਭੋਲਾ ਸਿੰਘ ਕੋਟੜਾ, ਅਰਜਨ ਸਿੰਘ ਫੂਲ, ਰਣਜੀਤ ਸਿੰਘ ਜੀਦਾ, ਅੰਗਰੇਜ਼ ਸਿੰਘ ਕਲਿਆਣਾ, ਸੁਖਦੇਵ ਸਿੰਘ ਫੂਲ, ਕਰਮ ਸਿੰਘ ਰਾਮਪੁਰਾ, ਬਲਵਿੰਦਰ ਸਿੰਘ ਮੌੜ, ਮਹਿਮਾ ਸਿੰਘ ਚੱਠੇਵਾਲਾ, ਜਸਵੀਰ ਸਿੰਘ ਸੰਗਤ, ਕੁਲਵੰਤ ਸਿੰਘ ਨੇਹੀਆਂ ਵਾਲਾ ਸਮੇਤ ਕਈ ਮੁਕਾਮੀ ਆਗੂ ਸ਼ਾਮਿਲ ਸਨ।

ਓਧਰ ਡੀਐਸਪੀ ਸਿਟੀ-2 ਅਸ਼ਵੰਤ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ‘ਓਪਨ ਜੇਲ੍ਹ’ (ਖੇਡ ਸਟੇਡੀਅਮ) ’ਚ ਲਿਜਾਇਆ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਕਤਸਰ ਸਥਿਤ ਰਿਹਾਇਸ਼ ਦੇ ਮੂਹਰੇ ਧਰਨਾ ਦਿੱਤਾ ਗਿਆ। ਇਸੇ ਦੌਰਾਨ ਬੀ.ਕੇ.ਯੂ. ਏਕਤਾ ਸਿੱਧੂਪੁਰ ਵੱਲੋਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਪੁਲੀਸ ਵੱਲੋਂ ਅੰਸ਼ਕ ਤੌਰ ’ਤੇ ਕਿਸਾਨਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ। ਇਸ ਮੌਕੇ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਬੂੜਾ ਗੁੱਜਰ, ਰੂਪ ਸਿੰਘ, ਬਲਦੇਵ ਸਿੰਘ ਪਿੰਡ ਸੂਰੇਵਾਲਾ, ਬਲਜੀਤ ਸਿੰਘ ਰਾਮਾ, ਸੁਰਜੀਤ ਸਿੰਘ ਰੋੜੀਕਪੂਰਾ ਵੀ ਸ਼ਾਮਲ ਸਮੇਤ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ ਮੌਜੂਦ ਸਨ। ਰਾਜਾ ਵੜਿੰਗ ਨੇ ਕਿਸਾਨਾਂ ਨੂੰ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All