ਬਠਿੰਡਾ ਵਿਚ ਕਰੋਨਾ ਕਾਰਨ ਮੌਤਾਂ ਦਾ ਅੰਕੜਾ ਸੌ ਦੇ ਨੇੜੇ ਪੁੱਜਾ

ਬਠਿੰਡਾ ਵਿਚ 83 ਅਤੇ ਸਿਰਸਾ ਵਿਚ 65 ਨਵੇਂ ਕੇਸ ਆਏ

ਬਠਿੰਡਾ ਵਿਚ ਕਰੋਨਾ ਕਾਰਨ ਮੌਤਾਂ ਦਾ ਅੰਕੜਾ ਸੌ ਦੇ ਨੇੜੇ ਪੁੱਜਾ

ਸਿਹਤ ਵਿਭਾਗ ਮਾਨਸਾ ਦੀ ਟੀਮ ਪੁਲੀਸ ਮੁਲਾਜ਼ਮਾਂ ਦੀ ਕਰੋਨਾ ਸੈਂਪਲਿੰਗ ਕਰਦੀ ਹੋਈ। -ਫੋਟੋ: ਮਾਨ

ਮਨੋਜ ਸ਼ਰਮਾ

ਬਠਿੰਡਾ, 23 ਸਤੰਬਰ

ਬਠਿੰਡਾ ਵਿਚ ਕਰੋਨਾ ਕਾਰਨ ਮੌਤ ਦਰ ਦਿਨੋਂ ਦਿਨ ਵਧ ਰਹੀ ਹੈ। ਅੱਜ ਬਠਿੰਡਾ ਦੇ ਵੱਖ ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਸੱਤ ਕਰੋਨਾ ਪੀੜਤਾਂ ਦੀ ਮੌਤ ਹੋ ਗਈ। ਇਸ ਮਗਰੋਂ ਬਠਿੰਡਾ ਵਿਚ ਮੌਤਾਂ ਦਾ ਅੰਕੜਾ 99 ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪਵਨ ਕੁਮਾਰ (55) ਵਾਸੀ ਮੌੜ ਮੰਡੀ, ਪ੍ਰੇਮ ਲਤਾ (68) ਪੁਖਰਾਜ ਕਲੋਨੀ, ਬੰਤ ਰਾਮ (75) ਪਿੰਡ ਸੇਮਾਂ ਕਲਾਂ, ਲਖਵੀਰ ਕੌਰ (43) ਵਾਸੀ ਜੋਧਪੁਰ ਪਾਖਰ ਅਤੇ ਗੁਰਸੇਵਕ ਸਿੰਘ (40), ਪਰਮਜੀਤ ਸਿੰਘ (50) ਵਾਸੀ ਬੁਰਜ ਸਿੰਧਵਾ ਅਤੇ ਜਗਦੇਵ ਸਿੰਘ (65) ਵਾਸੀ ਭਗਤਾ ਭਾਈ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 83 ਪਾਜ਼ੇਟਿਵ ਮਰੀਜ਼ ਹੋਰ ਸਾਹਮਣੇ ਆਏ ਹਨ। ਹੁਣ ਤਕ ਜ਼ਿਲ੍ਹੇ ਵਿਚ ਕੋਵਿਡ-19 ਤਹਿਤ 54507 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 5228 ਪਾਜ਼ੇਟਿਵ ਆਏ ਹਨ। ਇਸ ਸਮੇਂ ਜ਼ਿਲ੍ਹੇ ਵਿਚ 979 ਕੇਸ ਐਕਟਿਵ ਹਨ। 

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਿਰਸਾ ਜ਼ਿਲ੍ਹੇ ਵਿਚ ਕਰੋਨਾ ਨੇ ਦੋ ਹੋਰ ਜਾਨਾਂ ਲੈ ਲਈਆਂ ਹਨ। ਜ਼ਿਲ੍ਹੇ ਵਿਚ 65 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਕੇਸਾਂ ਦਾ ਅੰਕੜਾ 3255 ’ਤੇ ਪੁੱਜ ਗਿਆ ਹੈ। ਡਿਪਟੀ ਸਿਵਲ ਸਰਜਨ ਡਾ. ਵਿਰੇਸ਼ ਭੂਸ਼ਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਨਾਲ ਦੋ ਹੋਰ ਮੌਤਾਂ ਹੋਈਆਂ ਹਨ। ਜ਼ਿਲ੍ਹੇ ਵਿੱਚ 836 ਸਰਗਰਮ ਕੇਸ ਹਨ। 

ਮਲੋਟ ’ਚ ਇਕੋ ਪਰਿਵਾਰ ਦੇ ਸੱਤ ਜੀਆਂ ਨੂੰ ਕਰੋਨਾ

ਮਲੋਟ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿਚ ਲਗਾਏ ਕਰੋਨਾ ਜਾਂਚ ਕੈਂਪ ਦੌਰਾਨ ਲਏ ਗਏ ਸੈਂਪਲਾਂ ’ਚ ਇਕੋ ਪਰਿਵਾਰ ਦੇ 7 ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ’ਚੋਂ ਕਰੀਬ 52 ਸਾਲਾਂ ਦੇ ਇਕ ਵਿਅਕਤੀ ਦੀ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਮੌਤ ਹੋ ਗਈ। ਏਕਤਾ ਨਗਰ ਵਾਸੀ ਇਕ ਨੌਜਵਾਨ ਦੇ ਦੱਸਿਆ ਕਿ ਪਹਿਲਾਂ ਉਸ ਦੇ ਦਾਦੇ ਨੂੰ ਕਰੋਨਾ ਹੋਇਆ ਸੀ, ਜਿਨ੍ਹਾਂ ਦੀ ਫ਼ਰੀਦਕੋਟ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮਗਰੋਂ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਵੀ ਜਾਂਚ ਲਈ ਸੈਂਪਲ  ਦਿੱਤੇ ਤਾਂ ਸੱਤ ਜਣੇ ਕਰੋਨਾ ਪਾਜ਼ੇਟਿਵ ਪਾਏ ਗਏ।  ਉਸ ਦੀ ਦਾਦੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਬਾਕੀ ਮੈਂਬਰਾਂ ਨੂੰ ਜ਼ਿਲ੍ਹਾ ਕੋਵਿਡ ਹਸਪਤਾਲ ਥੇਹੜੀ ਸਾਹਿਬ ਵਿਚ ਦਾਖ਼ਲ ਕਰਵਾਇਆ ਗਿਆ ਹੈ।  ਇਸ ਤੋਂ ਇਲਾਵਾ ਨੇੜਲੇ ਪਿੰਡ ਬੁਰਜ ਸਿੱਧਵਾਂ ਦੇ ਵਸਨੀਕ ਅਤੇ ਸਰਕਾਰੀ ਕਾਲਜ ਫਤੂਹੀ ਖੇੜਾ ਵਿਚ ਨੌਕਰੀ ਕਰਦੇ ਇਕ ਵਿਅਕਤੀ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ।

ਮਾਨਸਾ ’ਚ 28,818 ਵਿਅਕਤੀਆਂ ਦੀ ਹੋਈ ਸੈਂਪਲਿੰਗ

ਮਾਨਸਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ਵਿਚ 28818 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1390 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ 961 ਵਿਅਕਤੀ ਘਰਾਂ ਨੂੰ ਪਰਤ ਗਏ ਹਨ। ਹੁਣ ਜ਼ਿਲ੍ਹੇ ਵਿਚ 404 ਐਕਟਿਵ ਕੇਸ ਮੌਜੂਦ ਹਨ। ਜ਼ਿਲ੍ਹੇ ਵਿਚ ਕਰੋਨਾ ਨਾਲ ਹੁਣ ਤਕ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All